ਕੈਪਟਨ ਵੱਲੋਂ ''ਖੇਤੀ ਕਾਨੂੰਨਾਂ'' ''ਚ ਸੋਧ ਕਰਨ ਦਾ ''ਸੁਖਬੀਰ'' ਤੋਂ ਜਾਣੋ ਅਸਲ ਸੱਚ

10/24/2020 10:00:05 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਕੇਂਦਰ ਦੇ ਖੇਤੀ ਕਾਨੂੰਨਾਂ 'ਚ ਸੋਧ ਦਾ ਮਤਾ ਪਾਸ ਕੀਤਾ, ਜਿਸ ਦਾ ਅਸਲ ਸੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਾਹਰ ਕੀਤਾ ਹੈ। 'ਜਗਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਵਿਧਾਨ ਸਭਾ 'ਚ ਕੈਪਟਨ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ 'ਚ ਕੀਤੀ ਗਈ ਸੋਧ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਖੇਤੀ ਕਾਨੂੰਨਾਂ 'ਚ ਸੋਧ ਦਾ ਮਤਾ ਪੇਸ਼ ਕਰਕੇ ਸਪੀਚ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਵੀ ਪਾਰਟੀ ਨੂੰ ਸੋਧ ਬਾਰੇ ਵਿਸਥਾਰ ਪੂਰਵਕ ਪੜ੍ਹਨ ਦਾ ਸਮਾਂ ਬਿਲਕੁਲ ਨਹੀਂ ਦਿੱਤਾ ਗਿਆ। ਸੁਖਬੀਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਜੋ ਚਾਹੀਦਾ ਸੀ, ਅਜਿਹਾ ਕੁੱਝ ਵੀ ਕੈਪਟਨ ਵੱਲੋਂ ਕੀਤੀ ਗਈ ਸੋਧ 'ਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਤੋਂ ਪੁੱਛਿਆ ਗਿਆ ਕਿ ਕੀ ਇਸ ਸੋਧ ਮੁਤਾਬਕ ਐਮ. ਐਸ. ਪੀ. 'ਤੇ ਜੇਕਰ ਵਪਾਰੀ ਖਰੀਦ ਨਹੀਂ ਕਰਦੇ ਤਾਂ ਕੀ ਪੰਜਾਬ ਸਰਕਾਰ ਖਰੀਦ ਕਰੇਗੀ ਤਾਂ ਕੈਪਟਨ ਨੇ ਕੋਈ ਜਵਾਬ ਨਹੀਂ ਦਿੱਤਾ।

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਇਨ੍ਹਾਂ ਸੋਧਾਂ ਬਾਰੇ ਉਨ੍ਹਾਂ ਨੇ ਕਾਨੂੰਨੀ ਮਾਹਿਰਾਂ ਨਾਲ ਗੱਲ ਕੀਤੀ ਤਾਂ ਇਹ ਪਤਾ ਲੱਗਿਆ ਕਿ ਇਸ 'ਚ ਕਿਸਾਨਾਂ ਦੇ ਫਾਇਦੇ ਦੀ ਕੋਈ ਗੱਲ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਕੇਂਦਰ ਦੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ, ਸਗੋਂ ਇਨ੍ਹਾਂ 'ਚ ਕੁੱਝ ਲਾਈਨਾਂ ਜੋੜ ਕੇ ਸੋਧ ਕਰ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਸੀ ਕਿ ਐਮ.ਐਸ. ਪੀ. ਨੂੰ ਸੰਵਿਧਾਨਿਕ ਅਧਿਕਾਰ ਬਣਾਇਆ ਜਾਵੇ, 22 ਫ਼ਸਲਾਂ ਐਮ. ਐਸ. ਪੀ. 'ਤੇ ਖਰੀਦੀਆਂ ਜਾਣ ਪਰ ਕੈਪਟਨ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਗਿਆ।

ਜਦੋਂ ਸੁਖਬੀਰ ਨੂੰ ਪੁੱਛਿਆ ਗਿਆ ਕਿ ਜੇਕਰ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਕੈਪਟਨ ਵੱਲੋਂ ਕੀਤੀਆਂ ਸੋਧਾਂ ਨੂੰ ਸੁਤੰਸ਼ਟ ਨਹੀਂ ਸਨ ਤਾਂ ਫਿਰ ਵਿਧਾਨ ਸਭਾ 'ਚ ਬੋਲੇ ਕਿਉਂ ਨਹੀਂ ਤਾਂ ਸੁਖਬੀਰ ਨੇ ਜਵਾਬ ਦਿੱਤਾ ਕਿ ਉਸ ਸਮੇਂ ਬੋਲਣ ਦਾ ਮੌਕਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਲੜਾਈ ਲੜ ਰਹੀਆਂ ਹਨ ਅਤੇ ਜੇਕਰ ਕੈਪਟਨ ਦੀਆਂ ਸੋਧਾਂ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਵਿਰੋਧ ਕਰਦੀ ਤਾਂ ਇਹ ਸਾਬਿਤ ਹੁੰਦਾ ਕਿ ਵਿਧਾਨ ਸਭਾ 'ਚ ਸਾਰੀਆਂ ਪਾਰਟੀਆਂ ਵੱਖੋ-ਵੱਖ ਹਨ, ਜਦੋਂ ਕਿ ਉਹ ਅਜਿਹਾ ਨਹੀਂ ਚਾਹੁੰਦੇ ਸਨ। 


 


Babita

Content Editor

Related News