ਨਨਕਾਣਾ ਸਾਹਿਬ ਗੁਰਦੁਆਰੇ ''ਤੇ ਹਮਲੇ ਦੀ ਸੁਖਬੀਰ ਵਲੋਂ ਨਿਖੇਧੀ, ਮੋਦੀ ਨੂੰ ਕੀਤੀ ਅਪੀਲ

Saturday, Jan 04, 2020 - 09:42 AM (IST)

ਨਨਕਾਣਾ ਸਾਹਿਬ ਗੁਰਦੁਆਰੇ ''ਤੇ ਹਮਲੇ ਦੀ ਸੁਖਬੀਰ ਵਲੋਂ ਨਿਖੇਧੀ, ਮੋਦੀ ਨੂੰ ਕੀਤੀ ਅਪੀਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਬਾਲਿਗ ਸਿੱਖ ਲੜਕੀ ਦੇ ਅਗਵਾਕਾਰਾਂ ਦੀ ਅਗਵਾਈ ਵਾਲੀ ਭੀੜ ਵਲੋਂ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲਾ ਕਰਨ ਅਤੇ ਪਵਿੱਤਰ ਸ਼ਹਿਰ ਦਾ ਨਾਂ ਬਦਲਣ ਦੀਆਂ ਧਮਕੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਗੁਰਦੁਆਰੇ ਦੀ ਪਰਿਕਰਮਾ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਅਤੇ ਭੜਕਾਊ ਭਾਸ਼ਣ ਦੇਣ ਵਾਲੀ ਭੀੜ ਨੂੰ ਰੋਕਣ ਦੀ ਥਾਂ ਸਥਾਨਕ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਮਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਉਠਾਉਣ ਦੀ ਅਪੀਲ ਕਰਦਾ ਹਾਂ।
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ 'ਚ ਇਨਸਾਫ਼ ਦੇਣ ਲਈ ਪਾਕਿਸਤਾਨ ਸਰਕਾਰ ਨੂੰ ਮੁੱਖ ਦੋਸ਼ੀ ਮੁਹੰਮਦ ਹਸਨ ਖ਼ਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜੋ ਕਿ ਪਹਿਲਾਂ ਨਾਬਾਲਿਗ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਨ ਅਤੇ ਗੁਰਦੁਆਰੇ 'ਤੇ ਹਮਲੇ ਦੀ ਅਗਵਾਈ ਕਰਨ ਲਈ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਸਾਫ਼ ਦਿਸਦਾ ਹੈ ਕਿ ਇਹ ਹਮਲਾ ਜਗਜੀਤ ਦੇ ਪਰਿਵਾਰ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ, ਕਿਉਂਕਿ ਸਿੱਖ ਲੜਕੀ ਦਾ ਪਿਤਾ ਗੁਰਦੁਆਰੇ 'ਚ ਗ੍ਰੰਥੀ ਹੈ। ਇਸ ਘਿਨੌਣੀ ਘਟਨਾ ਨੇ ਸਮੁੱਚੇ ਸਿੱਖ ਭਾਈਚਾਰੇ ਦੇ ਵਿਸ਼ਵਾਸ ਨੂੰ ਸੱਟ ਮਾਰੀ ਹੈ। ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦਾ ਕਾਨੂੰਨ ਅੰਦਰ ਭਰੋਸਾ ਬਹਾਲ ਕਰਨ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।


author

Babita

Content Editor

Related News