ਸੁਖਬੀਰ ਬਾਦਲ ਨੂੰ ਬੋਲੇ ਵਿਜੈ ਇੰਦਰ ਸਿੰਗਲਾ, ਤੁਹਾਡੀ ਗਲ਼ਤੀ ਮੁਆਫ਼ੀਯੋਗ ਨਹੀਂ

Wednesday, Nov 17, 2021 - 06:26 PM (IST)

ਸੁਖਬੀਰ ਬਾਦਲ ਨੂੰ ਬੋਲੇ ਵਿਜੈ ਇੰਦਰ ਸਿੰਗਲਾ, ਤੁਹਾਡੀ ਗਲ਼ਤੀ ਮੁਆਫ਼ੀਯੋਗ ਨਹੀਂ

ਸੰਗਰੂਰ (ਬੇਦੀ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਆਪਣੀਆਂ ਖੁਦ ਦੀਆਂ ਭੁੱਲਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਸਬੰਧੀ ਦਿੱਤੇ ਗਏ ਬਿਆਨ ’ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬਾਦਲ ਦਾ ਧੰਨਵਾਦ ਕੀਤਾ ਹੈ। ਸਿੰਗਲਾ ਨੇ ਆਖਿਆ ਕਿ ਹਾਲਾਂਕਿ ਇਸ ਬਾਰੇ ਹਰੇਕ ਪੰਜਾਬੀ ਪਹਿਲਾਂ ਤੋਂ ਹੀ ਭਲੀ ਭਾਂਤੀ ਜਾਣੂ ਹੈ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਇਸ ਬਿਆਨ ਨਾਲ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਸਿੰਗਲਾ ਨੇ ਕਿਹਾ ਕਿ ਸੁਖਬੀਰ ਜੀ, ਤੁਹਾਡੀ ਗਲਤੀ ਮੁਆਫ਼ੀਯੋਗ ਨਹੀਂ ਹੈ ਅਤੇ ਤੁਹਾਡੇ ਵਲੋਂ ਸਮੇਂ-ਸਮੇਂ ’ਤੇ ਪੰਜਾਬ ਦੇ ਲੋਕਾਂ ਦੇ ਦਿਲ ਦੁਖਾਏ ਗਏ ਅਤੇ ਲੋਕਾਂ ਦੀ ਆਸਥਾ ਨੂੰ ਸੱਟ ਮਾਰੀ ਗਈ ਹੈ।

ਇਹ ਵੀ ਪੜ੍ਹੋ : ਐੱਸ. ਟੀ. ਐੱਫ. ਰਿਪੋਰਟ ਨੂੰ ਲੈ ਕੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਆਖੀ ਵੱਡੀ ਗੱਲ

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਹੁਣ ਅਜਿਹੇ ਬਿਆਨਾਂ ਰਾਹੀਂ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਬਾਰੇ ਲੋਕ ਪੂਰੀ ਤਰ੍ਹਾਂ ਸੁਚੇਤ ਹਨ। ਉਨ੍ਹਾਂ ਕਿਹਾ ਕਿ ਹੁਣ ਮਗਰਮੱਛ ਦੇ ਹੰਝੂ ਵਹਾਉਣਾ ਵਿਅਰਥ ਹੈ ਅਤੇ ਸਜ਼ਾ ਹੁਣ ਲੋਕ ਹੀ ਤੈਅ ਕਰਨਗੇ। ਸਿੰਗਲਾ ਨੇ ਕਿਹਾ ਕਿ 2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਮੂੰਹ ਤੋੜ ਜਵਾਬ ਦੇਵੇਗੀ। ਸਿੰਗਲਾ ਨੇ ਕਿਹਾ ਕਿ ਹੁਣ ਨਵਾਂ ਪੱਤਾ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ ਬਾਦਲ ਸਾਫ਼ ਤੌਰ ’ਤੇ ਆਪਣੇ ਕੀਤੇ ਗੁਨਾਹਾਂ ਦੀ ਲੋਕਾਂ ਕੋਲੋਂ ਸਿੱਧੇ ਤੌਰ ’ਤੇ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਜੇਕਰ ਸੱਚਮੁੱਚ ਹੀ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਪ੍ਰਤੀ ਇੰਨਾ ਦਰਦ ਹੈ ਤਾਂ ਉਹ ਪ੍ਰਧਾਨਗੀ ਤੋਂ ਪਾਸੇ ਹੋ ਜਾਣ ਅਤੇ ਜੇਕਰ ਕੀਤੇ ਪਾਪ ਆਤਮਾ ’ਤੇ ਭਾਰੀ ਪੈ ਰਹੇ ਹਨ ਤਾਂ ਅਕਾਲੀ ਦਲ ਦੀ ਕਮਾਨ ਛੱਡ ਕੇ ਪਾਸੇ ਹੋ ਜਾਣ ਅਤੇ ਕਿਸੇ ਹੋਰ ਲੀਡਰ ਨੂੰ ਅਕਾਲੀ ਦਲ ਦੀ ਕਮਾਨ ਸੌਂਪ ਦੇਣ।

ਇਹ ਵੀ ਪੜ੍ਹੋ : ਬਿਜਲੀ ਸਮਝੌਤਿਆਂ ’ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਮੁੱਖ ਮੰਤਰੀ ਚੰਨੀ ਨੂੰ ਕੀਤਾ ਚੈਲੰਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News