ਸੁਖਬੀਰ ਵੀ ਪਿਤਾ ਵਾਂਗ ਸਿਟ ਸਾਹਮਣੇ ਪੇਸ਼ ਹੋਣ ਦੇ ਇੱਛੁਕ
Sunday, Nov 18, 2018 - 07:56 AM (IST)

ਚੰਡੀਗਡ਼੍ਹ, (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਬਹਿਬਲ ਕਲਾਂ ਗੋਲੀਕਾਂਡ ਵਿਚ ਪੁੱਛਗਿਛ ਲਈ ਸਿਟ ਸਾਹਮਣੇ ਚੰਡੀਗਡ਼੍ਹ ’ਚ ਹੀ ਪੇਸ਼ ਹੋਣਾ ਚਾਹੁੰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਸਿਟ ਪ੍ਰਮੁੱਖ ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਿਟ ਨੇ ਸੁਖਬੀਰ ਨੂੰ 19 ਨਵੰਬਰ ਨੂੰ ਮਾਮਲੇ ਸਬੰਧੀ ਪੁੱਛਗਿੱਛ ਲਈ ਬਾਅਦ ਦੁਪਹਿਰ ਸਰਕਟ ਹਾਊਸ ਅੰਮ੍ਰਿਤਸਰ ’ਚ ਸੰਮਨ ਭੇਜ ਕੇ ਤਲਬ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅੰਮ੍ਰਿਤਸਰ ਵਿਚ ਹੀ ਬੁਲਾਇਆ ਗਿਆ ਸੀ ਪਰ ਅਕਾਲੀ ਦਲ ਵਲੋਂ ਇਸ ਦਾ ਸਖ਼ਤ ਵਿਰੋਧ ਕੀਤੇ ਜਾਣ ਤੋਂ ਬਾਅਦ ਸਿਟ ਨੇ ਨਵੇਂ ਸੰਮਨ ਜਾਰੀ ਕਰ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੇਸ਼ ਹੋਣ ਦਾ ਸਥਾਨ ਤਬਦੀਲ ਕਰ ਕੇ ਉਨ੍ਹਾਂ ਦੇ ਚੰਡੀਗਡ਼੍ਹ ਦੇ ਸਰਕਾਰੀ ਘਰ ’ਤੇ ਕਰ ਦਿੱਤਾ ਸੀ। ਹੁਣ ਸੁਖਬੀਰ ਬਾਦਲ ਨੇ ਸਿਟ ਪ੍ਰਮੁੱਖ ਨੂੰ ਲਿਖੇ ਪੱਤਰ ਵਿਚ ਲਿਖਿਆ ਹੈ ਕਿ ਉਹ ਅਦਾਲਤ ਵਿਚ ਪੂਰਾ ਵਿਸ਼ਵਾਸ ਰੱਖਦੇ ਹਨ ਤੇ ਪੁੱਛਗਿਛ ਦੇ ਸਮੇਂ ਸਿਟ ਨੂੰ ਪੂਰਾ ਸਹਿਯੋਗ ਦੇਣਗੇ। ਪਰ ਉਨ੍ਹਾਂ ਪਹਿਲਾਂ ਮਿੱਥਿਆ ਅੰਮ੍ਰਿਤਸਰ ਦਾ ਸਥਾਨ ਤਬਦੀਲ ਕਰਕੇ ਇਸ ਨੂੰ ਚੰਡੀਗਡ਼੍ਹ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਪੱਤਰ ’ਚ ਕਿਹਾ ਹੈ ਕਿ ਸਿਟ ਪ੍ਰਮੁੱਖ ਚੰਡੀਗਡ਼੍ਹ ਸਥਿਤ ਹੈਡਕੁਆਰਟਰ ’ਚ ਬੈਠੇ ਹਨ ਤੇ ਉਹ 19 ਨਵੰਬਰ ਨੂੰ ਉੱਥੇ ਆ ਜਾਣਗੇ ਜਾਂ ਫਿਰ ਚੰਡੀਗਡ਼੍ਹ ਵਿਚ ਕੋਈ ਹੋਰ ਸਥਾਨ ਰੱਖਿਆ ਜਾ ਸਕਦਾ ਹੈ। ਸਿਟ ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੁਖਬੀਰ ਦਾ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ’ਤੇ ਵਿਚਾਰ ਕਰ ਕੇ ਫੈਸਲਾ ਲਿਆ ਜਾਵੇਗਾ।