ਰੇਤ ਮਾਫੀਆ ਦੇ ਪਿਤਾਮਾ ਬਾਦਲਾਂ ਵਲੋਂ ਗੁੰਡਾ ਪਰਚੀ ਖਿਲਾਫ ਦਿੱਤਾ ਧਰਨਾ ਹਾਸੋਹੀਣਾ : ਭਗਵੰਤ ਮਾਨ

12/12/2019 10:12:43 PM

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਲੋਂ ਰੇਤ ਮਾਫ਼ੀਆ ਵਿਰੁੱਧ ਮੋਹਾਲੀ 'ਚ ਦਿੱਤੇ ਧਰਨੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰੇਤ ਮਾਫ਼ੀਆ ਦੇ ਫਾਊਂਡਰ ਮੈਂਬਰਾਂ ਵਲੋਂ ਰੇਤ ਮਾਫ਼ੀਆ ਅਤੇ ਗੁੰਡਾ ਪਰਚੀ ਵਿਰੁੱਧ ਹੀ ਧਰਨਾ ਇੰਝ ਜਾਪਦਾ ਹੈ ਜਿਵੇਂ ਤਾਲਿਬਾਨ ਸ਼ਾਂਤੀ ਅਤੇ ਅਹਿੰਸਾ ਲਈ ਮੋਮਬੱਤੀ ਮਾਰਚ ਕੱਢ ਰਹੇ ਹੋਣ। ਭਗਵੰਤ ਮਾਨ ਨੇ ਇਕ ਬਿਆਨ ਰਾਹੀਂ ਅੱਜ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ 'ਚ ਰੇਤ ਮਾਫ਼ੀਆ ਦੀਆਂ ਸੰਗਠਨਾਤਮਕ ਤਰੀਕੇ ਨਾਲ ਜੜ੍ਹਾਂ ਪੰਜਾਬ 'ਚ ਲਾਈਆਂ ਸਨ, ਰੇਤ ਮਾਫ਼ੀਆਂ ਦੇ ਉਹੀ ਪਿਤਾਮਾ (ਫਾਊਂਡਰ) ਅੱਜ ਕੱਲ ਰੇਤ ਮਾਫ਼ੀਆ ਤੇ ਗੁੰਡਾ ਪਰਚੀ ਵਿਰੁੱਧ ਹੀ ਧਰਨੇ ਲਾਉਣ ਦੇ ਖੇਖਣ ਕਰਨ ਲੱਗੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਧਰਨੇ ਲਾਉਣ ਦਾ ਅਸਲੀ ਕਾਰਣ ਕਾਂਗਰਸੀਆਂ ਨਾਲ ਰੇਤ ਮਾਫ਼ੀਆ 'ਚ ਆਪਣਾ ਹਿੱਸਾ ਵਧਾਉਣ ਲਈ ਦਬਾਅ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਭ ਨੂੰ ਪਤਾ ਹੈ ਕਿ ਕਾਂਗਰਸੀ, ਅਕਾਲੀ (ਬਾਦਲ) ਅਤੇ ਭਾਜਪਾ ਵਾਲੇ ਵਾਰੀਆਂ ਬੰਨ੍ਹ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ। ਇਨ੍ਹਾਂ 'ਚੋਂ ਜੋ ਵੀ ਸੱਤਾ 'ਤੇ ਕਾਬਜ਼ ਹੁੰਦਾ ਹੈ, ਉਹ ਵੱਡੇ ਸ਼ੇਅਰ (ਹਿੱਸੇਦਾਰੀ) ਨਾਲ ਸਬੰਧਤ ਮਾਫ਼ੀਆ ਦੀ ਕਮਾਨ ਸੰਭਾਲ ਲੈਂਦਾ ਹੈ। ਪਹਿਲਾਂ ਬਾਦਲਾਂ ਦੇ ਰਾਜ 'ਚ ਰੇਤ ਮਾਫੀਆ, ਸਰਾਬ ਮਾਫੀਆ ਅਤੇ ਕੇਬਲ ਮਾਫੀਆ ਆਦਿ 'ਚ ਅਕਾਲੀ-ਭਾਜਪਾ ਆਗੂ ਵੱਡੇ ਹਿੱਸੇਦਾਰ ਸਨ ਅਤੇ ਕਾਂਗਰਸੀ 20-30 ਪ੍ਰਤੀਸ਼ਤ 'ਚ ਛੋਟੇ ਭਾਈਵਾਲ ਸਨ। ਹੁਣ ਕਾਂਗਰਸੀ ਵੱਡੇ ਹਿੱਸੇਦਾਰ ਅਤੇ ਬਾਦਲ ਛੋਟੇ ਹਿੱਸੇਦਾਰ ਹਨ। ਹੁਣ ਕਿਉਂਕਿ ਬਾਦਲ ਕੈਪਟਨ ਸਰਕਾਰ ਨੂੰ ਆਪਣੇ ਘਰ ਦੀ ਸਰਕਾਰ ਸਮਝਦੇ ਹਨ, ਇਸ ਲਈ ਉਹ ਕੈਪਟਨ ਦੇ ਸਲਾਹਕਾਰ ਨਾਲ ਮੁਬਾਰਕਪੁਰ-ਡੇਰਾਬੱਸੀ ਅਤੇ ਪੂਰੇ ਪੰਜਾਬ 'ਚ ਕਾਂਗਰਸੀਆਂ ਨਾਲ ਰੇਤੇ ਦੀਆਂ ਖੱਡਾਂ ਅਤੇ ਗੁੰਡਾ ਪਰਚੀਆਂ 'ਚ ਆਪਣੇ ਹਿੱਸੇ ਨੂੰ ਬਰਾਬਰ 50-50 ਪ੍ਰਤੀਸ਼ਤ ਤੱਕ ਵਧਾਉਣਾ ਚਾਹੁੰਦੇ ਹਨ, ਜਿਸ ਲਈ ਉਹ ਦਬਾਅ ਦੀ ਰਾਜਨੀਤੀ ਤਹਿਤ ਰੇਤ ਮਾਫ਼ੀਆ ਵਿਰੁੱਧ ਧਰਨੇ ਪ੍ਰਦਰਸ਼ਨਾਂ ਦਾ ਨਾਟਕ ਕਰ ਰਹੇ ਹਨ।



 


Related News