ਨਿਰਪੱਖ ਚੋਣਾਂ ਕਰਾਓ, ਫਿਰ 400 ਪਾਰ ਕਰ ਕੇ ਦਿਖਾਓ : ਭਗਵੰਤ ਮਾਨ

Friday, Apr 05, 2024 - 05:45 PM (IST)

ਜਲੰਧਰ (ਰਮਨਦੀਪ ਸੋਢੀ) : ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਚੋਣਾਂ ਵਿਚ ਇਸ ਵਾਰ 400 ਪਾਰ ਦਾ ਨਾਅਰਾ ਦਿੱਤਾ ਹੈ ਪਰ ਮੇਰਾ ਇਹ ਕਹਿਣਾ ਹੈ ਕਿ ਲੇਵਲ ਪਲੇਇੰਗ ਫੀਲਡ ਜ਼ਰੂਰ ਹੋਣਾ ਚਾਹੀਦਾ ਹੈ ਜੇਕਰ ਵਿਰੋਧੀ ਧਿਰ ਕੋਲ ਲੇਵਲ ਪਲੇਇੰਗ ਫੀਲਡ ਨਹੀਂ ਤਾਂ ਚੋਣਾਂ ਨਿਰਪੱਖ ਕਿਵੇਂ ਰਹਿ ਜਾਣਗੀਆਂ। ਜੇਕਰ ਉਨ੍ਹਾਂ ਖੁਦ ’ਤੇ ਅਤੇ ਆਪਣੇ ਕੰਮ ’ਤੇ ਪੂਰਾ ਭਰੋਸਾ ਹੈ ਤਾਂ ਉਹ ਨਿਰੱਪਖ ਚੋਣਾਂ ਕਰਵਾਉਣ ਅਤੇ ਫਿਰ 400 ਪਾਰ ਕਰਕੇ ਦਿਖਾਉਣ। ਜੇਕਰ ਇੰਨਾ ਹੀ ਕਾਨਫੀਡੈਂਸ ਸੀ ਤਾਂ ਫਿਰ 2020 ਵਿਚ ਦਿੱਲੀ ਵਿਚ ਭਾਜਪਾ ਨੇ ਇਹ ਨਾਅਰਾ ਕਿਉਂ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਵਾਰ ਸਿਰਫ ਜਮੁਨਾ ਪਾਰ, ਕਿਉਂਕਿ ਇਸ ਦੌਰਾਨ ਦਿੱਲੀ ਵਿਚ ਜੋ 7 ਸੀਟਾਂ ਸਨ ਉਹ ਜਮੁਨਾ ਪਾਰ ਸਨ। ਜੋ ਲੀਡਰ ਪ੍ਰਚਾਰ ਕਰਦਾ ਹੈ, ਉਸਨੂੰ ਫੜ੍ਹ ਕੇ ਅੰਦਰ ਕਰ ਦਿਓ। ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰ ਦਿਓ, ਸਤੇਂਦਰ ਜੈਨ ਨੂੰ ਅੰਦਰ ਕਰ ਦਿਓ, ਸੰਜੇ ਸਿੰਘ ਨੂੰ ਅੰਦਰ ਕਰ ਦਿਓ, ਹੇਮੰਤ ਸੋਰੇਨ ਨੂੰ ਅੰਦਰ ਕਰ ਦਿਓ, ਮਮਤਾ ਬੈਨਰਜੀ ਖਿਲਾਫ ਬੰਗਾਲ ਵਿਚ ਈ. ਡੀ. ਭੇਜ ਦਿਓ, ਸੀ. ਬੀ. ਆਈ. ਨੂੰ ਇਥੇ ਭੇਜ ਦਿਓ, ਇਨਕਮ ਟੈਕਸ ਨੂੰ ਉਥੇ ਭੇਜ ਦਿਓ, ਫਿਰ ਤਾਂ ਇਸ ਗੱਲ ਦਾ ਇੰਟਰਨੈਸ਼ਨਲ ਪੱਧਰ ’ਤੇ ਵੀ ਵਿਰੋਧ ਹੋਇਆ ਹੈ। 

ਇਹ ਕੋਈ ਤਰੀਕਾ ਨਹੀਂ ਹੈ। ਜੇਕਰ ਈ. ਵੀ. ਐੱਮ. ਮਸ਼ੀਨਾਂ ਹੀ ਆਪਣੇ ਘਰ ਵਿਚ ਪਈਆਂ ਹਨ ਤਾਂ ਫਿਰ ਜਿੰਨਾ ਮਰਜ਼ੀ ਅੰਕੜਾ ਪਾਰ ਕਰ ਲਓ। ਸੰਵਿਧਾਨ ਨੂੰ ਬਚਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਅਕਸਰ ਵੱਡੀ ਲਹਿਰ ਆਮ ਲੋਕ ਹੀ ਲੈ ਕੇ ਆਏ ਹਨ, ਇਸ ਲਈ ਮੈਨੂੰ ਉਮੀਦ ਹੈ ਕਿ ਇਸ ਵਾਰ ਦੀਆਂ ਚੋਣਾਂ ਨਿਰਪੱਖ ਹੋਣਗੀਆਂ ਅਤੇ ਇਸ ਤੋਂ ਬਾਅਦ ਜੋ ਨਤੀਜੇ ਆਉਣਗੇ, ਉਹ ਤਾਂ ਜਨਤਾ ਦੇ ਹੋਣਗੇ ਅਤੇ ਸਿਰ ਮੱਥੇ ਹੋਣਗੇ ਪਰ ਜਿਸ ਤਰੀਕੇ ਨਾਲ ਇਹ ਹੰਕਾਰ ਨਾਲ ਚੱਲ ਰਹੇ ਹਨ ਅਤੇ ਜਿਸ ਓਵਰ ਕਾਨਫੀਡੈਂਸ ਨਾਲ ਚੱਲ ਰਹੇ ਹਨ ਤਾਂ ਫਿਰ ਹੰਕਾਰ ਦਾ ਅੰਤ ਜ਼ਰੂਰ ਹੋਵੇਗਾ। ਜਦੋਂ ਕਿਸੇ ਚੀਜ਼ ਦੀ ਹੱਦ ਟੱਪ ਜਾਂਦੀ ਹੈ ਤਾਂ ਫਿਰ ਪਤਾ ਵੀ ਨਹੀਂ ਲੱਗਦਾ ਕਿ ਉਸਦਾ ਅੰਤ ਕਦੋਂ ਹੋ ਗਿਆ।

ਨਿੱਜੀ ਕੰਪਨੀਆਂ ਨੂੰ ਸਾਇਲੋ ਦੇਣ ਦਾ ਨੋਟੀਫਿਕੇਸ਼ਨ ਕਿਉਂ ਵਾਪਸ ਲੈਣਾ ਪਿਆ

ਇਹ ਤਾਂ 2013 ਤੋਂ ਚੱਲ ਰਿਹਾ ਸੀ। ਪੰਜਾਬ ਵਿਚ ਮੰਡੀਆਂ ਦੀ ਗਿਣਤੀ ਤਾਂ ਵਧਾਈ ਗਈ ਹੈ। ਹਾਲਾਂਕਿ ਰੂਰਲ ਡਵੈੱਲਪਮੈਂਟ ਦਾ 5500 ਕਰੋੜ ਦਾ ਫੰਡ ਤਾਂ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਸਾਇਲੋ ਤਾਂ ਸਿਰਫ ਸਟੋਰੇਜ਼ ਲਈ ਹੈ ਸਾਡੇ ਕੋਲ ਮੰਡੀਆਂ ਦੀ ਕਮੀ ਨਹੀਂ ਹੈ। ਖਰੀਦ ਦੌਰਾਨ ਕਈ ਸਮੱਸਿਆਵਾਂ ਹੁੰਦੀਆਂ ਸਨ, ਕਦੇ ਟਰੱਕ ਦੀ ਹੜਤਾਲ, ਕਦੇ ਬਾਰਦਾਨਾ ਨਹੀਂ ਆਉਂਦਾ ਸੀ, ਕੈਸ਼ ਕ੍ਰੇਡਿਟ ਲਿਮਿਟ ਨਹੀਂ ਆਉਂਦੀ ਸੀ ਹੁਣ ਇਹ ਸਾਡੀਆਂ ਸਮੱਸਿਆਵਾਂ ਨਹੀਂ ਹਨ, ਕਿਸਾਨ ਦੀ ਫਸਲ ਮੰਡੀ ਵਿਚ ਖਰਾਬ ਨਹੀਂ ਹੋਣ ਦੇਵਾਂਗੇ।

ਬਾਜਵਾ ਆਪਣੇ ਕੰਮ ਗਿਣਵਾ ਦੇਣ

ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ’ਤੇ ਵਿਕਾਸ ਦੇ ਨਾਂ ’ਤੇ ਇਕ ਵੀ ਇੱਟ ਨਾ ਲਗਾਉਣ ਦੇ ਦਿੱਤੇ ਗਏ ਬਿਆਨ ’ਤੇ ਪਲਟਵਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਂ ਪ੍ਰਤਾਪ ਬਾਜਵਾ ਨੂੰ ਦੱਸ ਦੇਵਾਂ ਕਿ ਜਿੰਨੇ ਵੀ ਸਕੂਲ ਆਫ ਐਮੀਨੈਂਸ ਬਣੇ ਹਨ, ਆਮ ਆਦਮੀ ਕਲੀਨਿਕ ਬਣੇ ਹਨ, ਜਿਨ੍ਹਾਂ ਸੜਕਾਂ ਦੇ ਟੋਲ ਪਲਾਜ਼ੇ ਖਤਮ ਹੋਏ ਹਨ, ਉਸ ਵਿਚ ਬਾਜਵਾ ਸਾਹਿਬ ਦੇ ਸਾਈਨ ਹਨ। 80 ਫੀਸਦੀ ਕੰਮਾਂ ’ਤੇ ਬਾਜਵਾ ਸਾਹਿਬ ਦੇ ਸਾਈਨ ਹਨ। ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਹੁਸ਼ਿਆਰਪੁਰ-ਦਸੂਹਾ-ਮੁਕੇਰੀਆਂ ’ਤੇ ਜਿੰਨੇ ਵੀ ਟੋਲ ਪਲਾਜ਼ਾ ਲਾਏ ਗਏ ਹਨ, ਉਹ ਸਾਰੇ ਬਾਜਵਾ ਸਾਹਿਬ ਨੇ ਲਾਏ ਹਨ। ਸਾਡੀ ਸਰਕਾਰ ਨੇ ਤਾਂ ਟੋਲ ਪਲਾਜ਼ੇ ਖਤਮ ਕੀਤੇ ਹਨ। ਬਾਜਵਾ ਸਾਹਿਬ ਖੁਦ ਦੇ ਕੀਤੇ ਕੰਮ ਗਿਣਾ ਦੇਣ, ਸਾਡੀਆਂ ਇੱਟਾਂ ਕਾਫੀ ਹਨ। ਸਾਡੀ ਸਰਕਾਰ ਨੇ ਲੋਕਾਂ ਦੇ ਦਿਲਾਂ ’ਚ ਪਿਆਰ ਦੀਆਂ ਇੱਟਾਂ ਲਾਈਆਂ ਹਨ ਅਤੇ ਬਾਜਵਾ ਸਾਹਿਬ ਦੀ ਸਰਕਾਰ ਨੇ ਸ਼ਾਇਦ ਸੋਨੇ ਦੀਆਂ ਇੱਟਾਂ ਲਾਈਆਂ ਹਨ।

ਸੁਖਬੀਰ ਪੰਜਾਬ ਨਹੀਂ, ਪਰਿਵਾਰ ਬਚਾ ਰਹੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ’ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਸੁਖਬੀਰ ਬਾਦਲ ਆਖਰ ਪੰਜਾਬ ’ਚ ਬਚਾਉਣਾ ਕੀ ਚਾਹੁੰਦੇ ਹਨ। ਉਨ੍ਹਾਂ ਨੂੰ ਤਾਂ ਪਿਛਲੇ 2 ਸਾਲਾਂ ’ਚ ਬੜੀ ਮੁਸ਼ਕਲ ਨਾਲ ਬਚਾਇਆ ਹੈ। ਪੰਜਾਬ ’ਚ ਪੰਜਾਬ ਬਚਾਓ ਯਾਤਰਾ ਨਹੀਂ, ਪਰਿਵਾਰ ਬਚਾਓ ਯਾਤਰਾ ਹੈ।


Anuradha

Content Editor

Related News