ਪੰਜਾਬ ''ਚ ਜਲਦੀ ਹੋਵੇਗੀ ਜੱਦੀ ਪੁਸ਼ਤੀ ਨੰਬਰਦਾਰੀ : ਸੁੱਖ ਸਰਕਾਰੀਆ

Tuesday, Feb 19, 2019 - 10:30 AM (IST)

ਪੰਜਾਬ ''ਚ ਜਲਦੀ ਹੋਵੇਗੀ ਜੱਦੀ ਪੁਸ਼ਤੀ ਨੰਬਰਦਾਰੀ : ਸੁੱਖ ਸਰਕਾਰੀਆ

ਜਲੰਧਰ (ਮਹੇਸ਼)— ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਪੰਜਾਬ ਨੰਬਰਦਾਰ ਯੂਨੀਅਨ ਨੂੰ ਭਰੋਸਾ ਦਿੱਤਾ ਹੈ ਕਿ ਬਹੁਤ ਜਲਦੀ ਹੀ ਪੰਜਾਬ 'ਚ ਨੰਬਰਦਾਰੀ ਜੱਦੀ-ਪੁਸ਼ਤੀ ਕਰ ਦਿੱਤੀ ਜਾਵੇਗੀ ਅਤੇ ਹਰ ਨੰਬਰਦਾਰ ਦਾ 5 ਲੱਖ ਰੁਪਏ ਦਾ ਬੀਮਾ, ਸ਼ਿਕਾਇਤ ਨਿਵਾਰਣ ਕਮੇਟੀਆਂ 'ਚ ਨਾਮਜ਼ਦ ਕਰਨਾ ਅਤੇ ਮੁਫਤ ਬੱਸ ਪਾਸ ਬਣਾਉਣ ਦੀ ਮੰਗ ਵੀ ਕੈਪਟਨ ਸਰਕਾਰ ਆਉਣ ਵਾਲੇ ਕੁਝ ਦਿਨਾਂ 'ਚ ਹੀ ਪੂਰੀ ਕਰ ਦੇਵੇਗੀ।

ਸੁੱਖ ਸਰਕਾਰੀਆ ਦੇ ਨਿਵਾਸ ਸਥਾਨ 'ਤੇ ਬੀਤੇ ਦਿਨ ਪੰਜਾਬ ਦੇ ਨੰਬਰਦਾਰਾਂ ਦੇ ਹੱਕ ਦਿਵਾਉਣ ਲਈ ਹਰ ਵੇਲੇ ਫਿਕਰਮੰਦ ਰਹਿੰਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਆਪਣੇ ਸਾਥੀਆਂ ਨੂੰ ਮਿਲਣ ਵਾਸਤੇ ਗਏ ਹੋਏ ਸਨ। ਉਨ੍ਹਾਂ ਨੇ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਮਾਲ ਮੰਤਰੀ ਨਾਲ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਮੰਗਾਂ ਲਾਗੂ ਨਾ ਹੋਣ ਕਰਕੇ ਨੰਬਰਦਾਰਾਂ 'ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਮਾਲ ਮੰਤਰੀ ਦੇ ਭਰੋਸੇ ਤੋਂ ਬਾਅਦ ਸੂਬਾ ਪ੍ਰਧਾਨ ਸਮਰਾ ਨੇ ਕਿਹਾ ਕਿ ਸੂਬੇ ਦੇ ਨੰਬਰਦਾਰ ਸਾਲ 2017 ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਸਨ ਅਤੇ ਭਾਰੀ ਬਹੁਮਤ ਨਾਲ ਕਾਂਗਰਸ ਸਰਕਾਰ ਲਿਆਉਣ ਲਈ ਕੋਈ ਕਸਰ ਨਹੀਂ ਛੱਡੀ ਸੀ। ਮਾਲ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਨੰਬਰਦਾਰਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ, ਜਨਰਲ ਸਕੱਤਰ ਲਾਭ ਸਿੰਘ ਕੜੈਲ, ਪ੍ਰੈੱਸ ਸਕੱਤਰ ਸ਼ਿੰਗਾਰਾ ਸਿੰਘ ਸਮਰਾ (ਸਮਰਾਏ), ਧਰਮਿੰਦਰ ਸਿੰਘ ਲੁਧਿਆਣਾ, ਗੁਰਨਾਮ ਸਿੰਘ ਰੋਪੜ, ਜਸਵੰਤ ਸਿੰਘ ਰੰਧਾਵਾ ਹੁਸ਼ਿਆਰਪੁਰ, ਬਲਵੰਤ ਸਿੰਘ ਜੰਡੀ ਨਵਾਂਸ਼ਹਿਰ ਸਮੇਤ ਪੰਜਾਬ ਬਾਡੀ ਦੇ ਹੋਰ ਵੀ ਨੁਮਾਇੰਦੇ ਮੌਜੂਦ ਸਨ।


author

shivani attri

Content Editor

Related News