ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ : ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਲੱਗੀਆਂ ਸੀ 4 ਗੋਲੀਆਂ

Wednesday, May 10, 2023 - 12:12 PM (IST)

ਲੁਧਿਆਣਾ (ਰਿਸ਼ੀ) : ਥਾਣਾ ਹੈਬੋਵਾਲ ਦੇ ਇਲਾਕੇ ਜੋਗਿੰਦਰ ਨਗਰ ’ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਮੰਗਲਵਾਰ ਨੂੰ ਸਿਵਲ ਹਸਪਤਾਲ ਦੇ 2 ਡਾਕਟਰਾਂ ਦੇ ਬੋਰਡ, ਜਿਸ ’ਚ ਡਾ. ਸੀਮਾ ਅਤੇ ਡਾ. ਚਰਨਕਮਲ ਨੇ ਪੋਸਟਮਾਰਟਮ ਕੀਤਾ। ਇਸ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਗਈ। ਪੋਸਟਮਾਰਟਮ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਸੁੱਖੇ ਨੂੰ 4 ਗੋਲੀਆਂ ਮਾਰੀਆਂ ਗਈਆਂ ਸਨ। ਇਕ ਗੋਲੀ ਉਸ ਦੀ ਸੱਜੀ ਬਾਂਹ ਤੋਂ ਆਰ-ਪਾਰ ਹੋ ਗਈ, ਦੂਜੀ ਗੋਲੀ ਉਸ ਦੀ ਧੌਣ ਤੋਂ ਆਰ-ਪਾਰ ਹੋ ਗਈ, ਜਦੋਂਕਿ ਪੋਸਟਮਾਰਟਮ ਤੋਂ ਪਹਿਲਾਂ ਜਦੋਂ ਲਾਸ਼ ਦਾ ਐਕਸ-ਰੇਅ ਕੀਤਾ ਗਿਆ ਤਾਂ ਪਤਾ ਲੱਗਾ ਕਿ 2 ਗੋਲੀਆਂ ਸਰੀਰ ਦੇ ਅੰਦਰ ਸਨ, ਜੋ ਗੋਲੀ ਛਾਤੀ ’ਚ ਵੜੀ, ਉਹ ਲੱਕ ਕੋਲੋਂ ਕੱਢੀ ਗਈ, ਜਦੋਂਕਿ ਮੋਢੇ ਤੋਂ ਦਾਖ਼ਲ ਹੋਈ ਗੋਲੀ ਲਿਵਰ ’ਚ ਪਿਛਲੇ ਪਾਸਿਓਂ ਕੱਢੀ ਗਈ। ਗੋਲੀ ਲੱਗਣ ਕਾਰਨ ਲਿਵਰ ਫੱਟ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ ਅੱਜ ਪੈ ਰਹੀਆਂ ਵੋਟਾਂ, CM ਮਾਨ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
8 ਲੱਖ ਰੁਪਏ ਦੀ ਵੰਡ ਨੂੰ ਲੈ ਕੇ ਹੋਇਆ ਝਗੜਾ
ਪੁਲਸ ਵਿਭਾਗ ਦੇ ਸੂਤਰਾਂ ਮੁਤਾਬਕ ਸੁੱਖੇ ਦਾ ਸਾਰਿਆਂ ਨਾਲ 8 ਲੱਖ ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜੋ ਫਿਰੌਤੀ ਦੀ ਰਕਮ ਸੀ, ਇਸੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ, ਜਿਸ ਦੌਰਾਨ ਕਤਲ ਹੋ ਗਿਆ।
3 ਦੇ ਖ਼ਿਲਾਫ਼ ਕਤਲ ਦੀ ਐੱਫ. ਆਈ. ਆਰ.
ਇਸ ਮਾਮਲੇ ’ਚ ਹਾਲ ਦੀ ਘੜੀ ਥਾਣਾ ਹੈਬੋਵਾਲ ਦੀ ਪੁਲਸ ਨੇ ਇੰਸ. ਬਿਟਨ ਕੁਮਾਰ ਦੇ ਬਿਆਨ ’ਤੇ 3 ਖ਼ਿਲਾਫ਼ ਕਤਲ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਮਲਹੋਤਰਾ ਉਰਫ਼ ਇਸ਼ੂ (ਜਿਸ ਦੇ ਘਰ ਕਤਲ ਕੀਤਾ ਗਿਆ), ਗੋਪਾਲ ਮਹਾਜਨ ਉਰਫ਼ ਗੋਪੀ ਨਿਵਾਸੀ ਪੱਖੋਵਾਲ ਰੋਡ ਅਤੇ ਸੂਰਜ ਪ੍ਰਕਾਸ਼ ਉਰਫ਼ ਬੱਬੂ (ਜੋ ਆਪਣੇ ਨਾਲ ਐਕਟਿਵਾ ’ਤੇ ਸੁੱਖੇ ਨੂੰ ਬਿਠਾ ਕੇ ਲਿਆਇਆ ਸੀ), ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਖੰਨਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
3 ਦਿਨ ਤੋਂ ਗੋਪੀ ਪਤਨੀ ਸਮੇਤ ਰਹਿ ਰਿਹਾ ਸੀ ਇਸ਼ੂ ਦੇ ਘਰ
ਪੁਲਸ ਮੁਤਾਬਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੋਪੀ 3 ਦਿਨ ਤੋਂ ਆਪਣੀ ਪਤਨੀ ਸਮੇਤ ਇਸ਼ੂ ਦੇ ਘਰ ਆਇਆ ਹੋਇਆ ਸੀ ਅਤੇ ਉੱਥੇ ਹੀ ਰਹਿ ਰਿਹਾ ਸੀ।
ਪੁਲਸ ਦੀਆਂ ਟੀਮਾਂ ਲਗਾਤਾਰ ਕਰ ਰਹੀਆਂ ਛਾਪੇਮਾਰੀ
ਫਰਾਰ ਮੁਲਜ਼ਮਾਂ ਨੂੰ ਫੜ੍ਹਨ ਲਈ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਮੁਲਜ਼ਮ ਅਜੇ ਸ਼ਹਿਰ ਤੋਂ ਬਾਹਰ ਨਹੀਂ ਨਿਕਲ ਸਕੇ ਹਨ। ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜਲਦ ਦਬੋਚ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News