ਅਖਰੋਟਾ ''ਚ 3 ਦਿਨ ਤੋਂ ਸੜਨ ਦੀ ਉਡੀਕ ''ਚ ਰਾਵਣ

10/11/2019 12:30:20 PM

ਸੁਜਾਨਪੁਰ/ਪਠਾਨਕੋਟ (ਹੀਰਾ ਲਾਲ, ਸ਼ਾਰਦਾ) : ਜਿਥੇ ਸਮੁੱਚੇ ਜ਼ਿਲੇ 'ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਭੋਆ ਹਲਕੇ ਦੇ ਪਿੰਡ ਅਖਰੋਟਾ 'ਚ ਦੁਸਹਿਰੇ ਦੇ 3 ਦਿਨ ਬੀਤਣ 'ਤੇ ਵੀ ਰਾਵਣ ਦਾ ਪੁਤਲਾ ਬਿਨਾਂ ਸੜੇ ਹੀ ਉਥੇ ਖੜ੍ਹਾ ਹੈ। ਇਸ ਨਾਲ ਰਾਮ ਭਗਤਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਅਖਰੋਟਾ 'ਚ ਰਾਮ-ਲੀਲਾ ਦਾ ਮੰਚਨ ਕਰਨ ਵਾਲੀ ਕ੍ਰਿਸ਼ਨਾ ਰਾਮ ਲੀਲਾ ਕਲੱਬ ਅਤੇ ਗ੍ਰਾਮ ਪੰਚਾਇਤ ਆਹਮੋ-ਸਾਹਮਣੇ ਆ ਗਏ ਹਨ। ਪ੍ਰਾਇਮਰੀ ਸਕੂਲ ਕੋਲ ਸੰਘਣੀ ਆਬਾਦੀ ਕਾਰਨ ਪੰਚਾਇਤ ਵਲੋਂ ਮਤਾ ਪਾਸ ਕਰ ਕੇ ਦੁਸਹਿਰਾ ਮੇਲਾ ਪੰਚਾਇਤ ਦੀ 2 ਏਕੜ ਜ਼ਮੀਨ ਜੋ ਕਿ ਆਬਾਦੀ ਦੇ ਬਾਹਰ ਹੈ, 'ਤੇ ਮਨਾਉਣ ਨੂੰ ਕਿਹਾ ਗਿਆ ਹੈ ਜਦਕਿ ਦੂਸਰੇ ਪਾਸੇ ਕ੍ਰਿਸ਼ਨਾ ਰਾਮ-ਲੀਲਾ ਕਲੱਬ ਵਾਲੇ ਸਕੂਲ 'ਚ ਹੀ ਰਾਵਣ ਦਹਿਨ 'ਤੇ ਅੜੇ ਰਹੇ। ਹੁਣ ਉਥੇ ਪ੍ਰਸ਼ਾਸਨ ਵਲੋਂ ਰਾਵਣ ਦਹਿਨ ਨੂੰ ਮਨਜ਼ੂਰੀ ਨਾ ਮਿਲਣ ਕਾਰਣ ਪਿਛਲੇ 3 ਦਿਨ ਤੋਂ ਰਾਵਣ ਦਾ ਪੁਤਲਾ ਦਹਿਨ ਦੀ ਉਡੀਕ 'ਚ ਹੈ।

ਉਥੇ ਪਿੰਡ ਵਾਸੀਆਂ 'ਚ ਵੀ ਪ੍ਰਸ਼ਾਸਨ ਖਿਲਾਫ ਰੋਸ ਦੀ ਲਹਿਰ ਹੈ। ਇਸ ਸਬੰਧੀ ਕ੍ਰਿਸ਼ਨਾ ਰਾਮ-ਲੀਲਾ ਕਲੱਬ ਅਖਰੋਟਾ ਦੇ ਪ੍ਰਧਾਨ ਸੁਭਾਸ਼ ਚੰਦਰ, ਮੈਂਬਰ ਸਤਪਾਲ, ਰਾਜਕਾਂਤ ਡੋਗਰਾ, ਬੂਆ ਸਿੰਘ, ਦੇਵ ਸਿੰਘ, ਰਿਮੂ ਠਾਕੁਰ, ਵਿਸ਼ਵ ਠਾਕੁਰ, ਵਿਜੇ ਕੁਮਾਰ, ਅਮਨਦੀਪ ਸਿੰਘ, ਮਨਮੋਹਨ ਪ੍ਰਸਾਦ, ਸੰਜੀਵ ਕੁਮਾਰ, ਵਿਕ੍ਰਾਂਤ ਸਲਾਰੀਆ, ਗੋਪਾਲ, ਗੌਰਵ, ਕੁਣਾਲ, ਸਾਹਿਲ, ਅਜੇ, ਸ਼ਸ਼ੀਪਾਲ ਆਦਿ ਨੇ ਦੱਸਿਆ ਕਿ ਉਹ ਪਿਛਲੇ 19 ਸਾਲਾਂ ਤੋਂ ਪਿੰਡ ਦੇ ਸਕੂਲ ਦੀ ਗਰਾਊਂਡ 'ਚ ਰਾਮ-ਲੀਲਾ ਕਰਦੇ ਆ ਹਨ ਪਰ ਇਸ ਵਾਰ ਰਾਮ-ਲੀਲਾ ਦੇ ਦਿਨਾਂ 'ਚ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਪੁਤਲਾ ਸਾੜਨ ਦੀ ਮਨਜ਼ੂਰੀ ਨਹੀਂ ਮਿਲੀ।

ਪੰਚਾਇਤ 'ਤੇ ਰਾਜਨੀਤੀ ਕਰਨ ਦਾ ਲਾਇਆ ਦੋਸ਼
ਉਥੇ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤ ਇਸ ਮਾਮਲੇ 'ਚ ਰਾਜਨੀਤੀ ਕਰ ਰਹੀ ਹੈ, ਜਿਸ ਨਾਲ ਲੋਕਾਂ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਨੇ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਕਲੱਬ ਨੂੰ ਪੁਤਲਾ ਦਹਿਨ ਲਈ ਸਕੂਲ ਦੀ ਗਰਾਊਂਡ 'ਚ ਹੀ ਮਨਜ਼ੂਰੀ ਦਿੱਤੀ ਜਾਵੇ।

ਆਤਿਸ਼ਬਾਜ਼ੀ ਨਾਲ ਰਿਹਾਇਸ਼ੀ ਆਬਾਦੀ ਨੂੰ ਵੀ ਹੋ ਸਕਦੈ ਖਤਰਾ : ਸਰਪੰਚ
ਇਸ ਸਬੰਧੀ ਪਿੰਡ ਦੀ ਸਰਪੰਚ ਸਰਵਜੀਤ ਕੌਰ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ 'ਚ ਦੁਸਹਿਰਾ ਮੇਲਾ ਹੁੰਦਾ ਸੀ। ਪਿਛਲੀ ਵਾਰ ਦੁਸਹਿਰੇ 'ਤੇ ਰਾਵਣ ਨੂੰ ਸਾੜਨ ਸਮੇਂ ਆਤਿਸ਼ਬਾਜ਼ੀ ਕਾਰਣ ਸਕੂਲ ਕੋਲ ਘਰਾਂ 'ਚ ਕੁਝ ਪਟਾਕੇ ਡਿੱਗੇ ਸਨ, ਜਿਸ ਕਾਰਨ ਲੋਕਾਂ ਨੇ ਪੰਚਾਇਤ ਨੂੰ ਲਿਖ਼ਤ 'ਚ ਦਿੱਤਾ ਸੀ ਕਿ ਇਸ ਵਾਰ ਸਕੂਲ ਦੀ ਗਰਾਊਂਡ 'ਚ ਦੁਸਹਿਰਾ ਮੇਲਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਦੇ ਆਸੇ-ਪਾਸੇ ਸੰਘਣੀ ਆਬਾਦੀ ਹੈ ਅਤੇ ਆਤਿਸ਼ਬਾਜ਼ੀ ਕਾਰਣ ਨੁਕਸਾਨ ਹੋ ਸਕਦਾ ਹੈ। ਪੰਚਾਇਤ ਵੱਲ ਸਰਵਸੰਮਤੀ ਨਾਲ ਇਹ ਮਤਾ ਪਾਸ ਕਰ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਜਿਆ ਗਿਆ ਸੀ ਕਿ ਇਸ ਵਾਰ ਦੁਸਹਿਰੇ 'ਤੇ ਰਾਵਣ ਦਾ ਦਹਿਨ ਪੰਚਾਇਤ ਦੀ 2 ਏਕੜ ਜ਼ਮੀਨ ਜੋ ਕਿ ਆਬਾਦੀ ਤੋਂ ਬਾਹਰ ਹੈ, ਉਥੇ ਕੀਤਾ ਜਾਵੇ ਪਰ ਪਿੰਡ ਦੀ ਰਾਮ-ਲੀਲਾ ਕਲੱਬ ਦੇ ਮੈਂਬਰ ਸਕੂਲ ਗਰਾਊਂਡ 'ਚ ਹੀ ਰਾਵਣ ਦਹਿਨ ਦੇ ਲਈ ਅੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਉਥੇ 2 ਪੁਤਲੇ ਲਾਏ ਹੋਏ ਸਨ ਜਦਕਿ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਵੀ ਇਕ ਪੁਤਲੇ ਨੂੰ ਸਾੜ ਦਿੱਤਾ ਗਿਆ। ਇਸ ਸਬੰਧੀ ਜਦ ਤਾਰਾਗੜ੍ਹ ਦੇ ਥਾਣਾ ਮੁਖੀ ਵਿਸ਼ਵਨਾਥ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਤਲਾ ਸਾੜਨ ਦੀ ਮਨਜ਼ੂਰੀ ਉਨ੍ਹਾਂ ਨੂੰ ਨਹੀਂ ਮਿਲੀ ਹੈ ਜਦਕਿ ਰਾਵਣ ਦਾ ਪੁਤਲਾ ਸਾੜਨਾ ਪ੍ਰਸ਼ਾਸਨ ਦਾ ਕੰਮ ਨਹੀਂ ਹੈ।


Baljeet Kaur

Content Editor

Related News