ਪਿਤਾ ਦੀ ਬਰਸੀ ਤੋਂ ਪਹਿਲਾਂ ਧੀ ਨੇ ਕੀਤੀ ਆਤਮਹੱਤਿਆ
Tuesday, Mar 20, 2018 - 05:49 AM (IST)

ਜਲੰਧਰ, (ਸ਼ੋਰੀ)- ਨੂਰਮਹਿਲ ਦੇ ਪਿੰਡ ਚੀਮਾ ਖੁਰਦ ਵਿਚ 20 ਸਾਲ ਦੀ ਇਕ ਲੜਕੀ ਆਪਣੇ ਪਿਤਾ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਹ ਗੁੰਮਸੁੰਮ ਰਹਿਣ ਲੱਗੀ। ਪਿਤਾ ਦੀ ਬਰਸੀ ਆਉਣ ਵਾਲੀ ਸੀ ਕਿ ਉਸ ਨੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਅਨੀਤਾ (20) ਪੁੱਤਰੀ ਸਵ. ਬਲਵੀਰ ਉਰਫ ਵੀਰਾ ਵਜੋਂ ਹੋਈ ਹੈ।
ਥਾਣਾ ਨੂਰਮਹਿਲ ਦੇ ਐੱਸ. ਐੱਚ. ਓ. ਵਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਮਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸ ਦੀ ਧੀ ਅਨੀਤਾ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਲਗਭਗ ਦੋ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੇਟੀ ਚੁੱਪਚਾਪ ਰਹਿਣ ਲੱਗੀ ਤੇ ਹਰ ਸਮੇਂ ਆਪਣੇ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ। ਅੱਜ ਉਹ ਘਰ ਵਿਚ ਇਕੱਲੀ ਸੀ ਅਤੇ ਦੁਪਹਿਰ ਲਗਭਗ 3 ਵਜੇ ਜਿਵੇਂ ਹੀ ਉਹ (ਮਾਂ) ਘਰ ਵਾਪਸ ਪਰਤੀ ਤਾਂ ਦੇਖਿਆ ਕਿ ਅਨੀਤਾ ਦੀ ਸਿਹਤ ਖਰਾਬ ਸੀ। ਉਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।