ਖੁਦਕੁਸ਼ੀ ਕਰਨ ਤੋਂ ਡੇਢ ਘੰਟਾ ਪਹਿਲਾਂ ਬਣਾਈ ਵੀਡੀਓ, ਦੋਸਤ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ

03/24/2019 1:12:58 PM

ਜਲੰਧਰ (ਗੁਲਸ਼ਨ) - 9 ਫਰਵਰੀ ਨੂੰ ਸੋਢਲ ਫਾਟਕ ਨੇੜੇ ਰੇਲ ਗੱਡੀ ਅੱਗੇ ਖੁਦਕੁਸ਼ੀ ਕਰਨ ਵਾਲੇ ਅਰੁਣ ਬੱਸੀ ਨੇ ਖੁਦਕੁਸ਼ੀ ਕਰਨ ਤੋਂ ਡੇਢ ਘੰਟਾ ਆਪਣੀ ਵੀਡੀਓ ਬਣਾ ਕੇ ਦੋਸਤ ਦੀਪਕ ਸ਼ਰਮਾ ਉਰਫ ਮੋਨਾ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਪੁਲਸ ਨੇ ਵੀਡੀਓ ਦੇ ਆਧਾਰ 'ਤੇ ਅਤੇ ਮ੍ਰਿਤਕ ਦੀ ਪਤਨੀ ਨੇਹਾ ਦੇ ਬਿਆਨਾਂ 'ਤੇ ਦੀਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਦੀਪਕ ਦੀ ਗ੍ਰਿਫਤਾਰੀ ਪਾ ਦਿੱਤੀ, ਜਿਸ ਨੂੰ ਸ਼ਨੀਵਾਰ ਸ਼ਾਮ ਕੋਰਟ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਦੀਪਕ ਉਰਫ ਮੋਨਾ ਇਕ ਕਾਂਗਰਸੀ ਆਗੂ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਦੀਪਕ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੀ. ਆਰ. ਪੀ. ਵਿਚ ਕਈ ਕਾਂਗਰਸੀ ਵਰਕਰ ਪਹੁੰਚੇ ਅਤੇ ਪੁਲਸ ਦੀ ਕਾਰਵਾਈ ਨੂੰ ਗਲਤ ਦੱਸਿਆ। ਇਸ ਦੌਰਾਨ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਉਨ੍ਹਾਂ ਨੂੰ ਵੀਡੀਓ ਦਿਖਾ ਕੇ ਕਿਹਾ ਕਿ ਮ੍ਰਿਤਕ ਅਰੁਣ ਬੱਸੀ ਉਰਫ ਜੋਗੀ ਨੇ ਵੀਡੀਓ 'ਚ ਕਿਹਾ ਕਿ ਮੈਨੂੰ ਬਰਬਾਦ ਕਰਨ 'ਚ ਦੀਪਕ ਦਾ ਹੱਥ ਹੈ ਅਤੇ ਉਹ ਮੇਰੀ ਮੌਤ ਦਾ ਜ਼ਿੰਮੇਵਾਰ ਹੈ। 

ਅਰੁਣ ਦੇ ਮੋਬਾਇਲ ਫੋਨ ਤੋਂ ਹੋਇਆ ਖੁਲਾਸਾ : ਐੱਸ. ਐੱਚ. ਓ.
ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਅਰੁਣ ਦੀ ਖੁਦਕੁਸ਼ੀ ਤੋਂ ਬਾਅਦ ਪੁਲਸ ਨੂੰ ਮੌਕੇ ਤੋਂ ਮ੍ਰਿਤਕ ਦਾ ਮੋਬਾਇਲ ਫੋਨ ਮਿਲਿਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਦੇ ਬੇਟੇ ਦੀ ਹੱਤਿਆ ਹੋਣ ਦਾ ਸ਼ੱਕ ਜਤਾਉਣ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ। ਫੋਨ ਦਾ ਡਾਟਾ ਵੀ ਰਿਕਵਰ ਕੀਤਾ ਗਿਆ ਅਤੇ ਮੋਬਾਇਲ ਡਿਟੇਲ ਵੀ ਕਢਵਾਈ ਗਈ।ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਕਿਹਾ ਕਿ ਜਦੋਂ ਕੱਲ ਮੋਬਾਇਲ ਫੋਨ ਨੂੰ ਦੁਬਾਰਾ ਚਾਰਜ ਕਰਕੇ ਚੈੱਕ ਕੀਤਾ ਜਾ ਰਿਹਾ ਸੀ ਤਾਂ ਗੈਲਰੀ 'ਚ ਉਸ ਦੀ ਇਕ ਵੀਡੀਓ ਸਾਹਮਣੇ ਆਈ, ਜੋ ਉਸ ਨੇ ਖੁਦਕੁਸ਼ੀ ਕਰਨ ਤੋਂ ਸਿਰਫ ਘੰਟਾ ਪਹਿਲਾਂ ਬਣਾਈ ਸੀ। ਉਸ 'ਚ ਉਸ ਨੇ ਸਾਫ ਕਿਹਾ ਕਿ ਉਸ ਦੇ ਦੋਸਤ ਦੀਪਕ ਨੇ ਉਸ ਨਾਲ ਯਾਰ ਮਾਰ ਕੀਤੀ ਹੈ। ਉਸ ਨੂੰ ਬਰਬਾਦ ਕਰਨ 'ਚ ਉਸ ਦਾ ਹੱਥ ਹੈ ਅਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਦੀਪਕ ਹੀ ਹੈ। ਇਸ ਵੀਡੀਓ ਦੇ ਮਿਲਣ ਤੋਂ ਬਾਅਦ ਇਸ ਸਬੰਧ ਵਿਚ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਦੀਪਕ ਨੂੰ ਨਾਮਜ਼ਦ ਕੀਤਾ ਗਿਆ।

ਮ੍ਰਿਤਕ ਦੀ ਪਤਨੀ ਨੇ ਪੈਸਿਆਂ ਦੇ ਲੈਣ-ਦੇਣ ਦਾ ਲਾਇਆ ਦੋਸ਼
ਮ੍ਰਿਤਕ ਅਰੁਣ ਬੱਸੀ ਦੀ ਪਤਨੀ ਨੇਹਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਦੀਪਕ ਕੋਲੋਂ 11 ਲੱਖ ਰੁਪਏ ਲੈਣੇ ਸਨ। ਵਾਰ-ਵਾਰ ਮੰਗਣ ਦੇ ਬਾਵਜੂਦ ਉਹ ਪੈਸੇ ਨਹੀਂ ਦੇ ਰਿਹਾ ਸੀ। ਬਾਅਦ ਵਿਚ ਉਹ ਪੈਸੇ ਦੇਣ ਤੋਂ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਜੋ ਕਰਨਾ ਹੈ ਕਰ ਲਓ। ਨੇਹਾ ਨੇ ਕਿਹਾ ਕਿ ਮੇਰੇ ਪਤੀ ਨੇ ਦੀਪਕ ਨੂੰ 6 ਲੱਖ ਰੁਪਏ ਉਧਾਰ ਦਿੱਤੇ ਸਨ। ਉਸ ਤੋਂ ਬਾਅਦ 5 ਲੱਖ ਰੁਪਏ ਦੇ ਗਹਿਣੇ ਵੀ ਦਿੱਤੇ ਸਨ। ਪੈਸੇ ਨਾ ਮਿਲਣ ਕਾਰਨ ਅਰੁਣ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਸੀ। ਆਖਿਰ ਦੀਪਕ ਤੋਂ ਪ੍ਰੇਸ਼ਾਨ ਹੋ ਕੇ ਅਰੁਣ ਨੇ ਟਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ।

ਮੇਰੇ 'ਤੇ ਲਾਏ ਜਾ ਰਹੇ ਸਾਰੇ ਦੋਸ਼ ਝੂਠੇ : ਦੀਪਕ
ਗ੍ਰਿਫਤਾਰੀ ਤੋਂ ਬਾਅਦ ਦੀਪਕ ਉਰਫ ਮੋਨਾ ਨੇ ਕਿਹਾ ਕਿ ਉਸ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਅਰੁਣ ਦੇ ਨਾਲ ਉਸ ਦੀ ਕਾਫੀ ਪੁਰਾਣੀ ਦੋਸਤੀ ਸੀ। ਮੰਡੀ ਰੋਡ 'ਤੇ ਉਹ ਸੈਲੂਨ ਚਲਾਉਂਦਾ ਸੀ ਅਤੇ ਨਾਲ ਹੀ ਸੱਟੇ ਦਾ ਕਾਰੋਬਾਰ ਵੀ ਕਰਦਾ ਸੀ। ਮੋਨਾ ਨੇ ਕਿਹਾ ਕਿ ਸੈਲੂਨ 'ਤੇ ਅਕਸਰ ਸੱਟੇ ਦਾ ਕੰਮ ਚੱਲਣ ਕਾਰਨ ਮੈਂ ਉਥੇ ਜਾਣਾ ਬੰਦ ਕਰ ਦਿੱਤਾ। ਘਟਨਾ ਤੋਂ ਇਕ ਦਿਨ ਪਹਿਲਾਂ ਉਹ ਉਸ ਨੂੰ ਮਿਲਿਆ ਸੀ ਪਰ ਅਜਿਹੀ ਕੋਈ ਗੱਲ ਨਹੀਂ ਹੋਈ, ਜਿਸ ਨਾਲ ਉਹ ਖੁਦਕੁਸ਼ੀ ਕਰ ਲਵੇ। ਅਰੁਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੇਰਾ ਨਾਂ ਕਿਉਂ ਲਿਆ, ਇਸ ਬਾਰੇ ਮੈਨੂੰ ਕੁਝ ਪਤਾ ਨਹੀਂ। ਮੋਨਾ ਨੇ ਕਿਹਾ ਕਿ ਘਟਨਾ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਜਾਣ ਤੋਂ ਬਾਅਦ ਹੁਣ ਉਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।


rajwinder kaur

Content Editor

Related News