ਭਾਰੀ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ
Tuesday, Mar 31, 2026 - 06:30 PM (IST)
ਫਾਜ਼ਿਲਕਾ (ਨਾਗਪਾਲ) : ਜ਼ਿਲੇ ਦੇ ਕਈ ਪਿੰਡਾਂ ’ਚ ਹੋਈ ਭਾਰੀ ਗੜ੍ਹੇਮਾਰੀ ਅਤੇ ਤੇਜ਼ ਮੀਂਹ ਨੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ ਕਿਉਂਕਿ ਕਿਸਾਨ ਦੀ ਪੱਕ ਚੁੱਕੀ ਅਤੇ ਕੁਝ ਦਿਨਾਂ ਬਾਅਦ ਕੱਟੀ ਜਾਣ ਵਾਲੀ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪਿੰਡ ਮੰਮੂ ਖੇੜਾ, ਜੰਡਵਾਲਾ ਭੀਮੇਸ਼ਾਹ, ਬਜੀਦਪੁਰ ਕੱਟਿਆਂ ਵਾਲੀ ਅਤੇ ਹੋਰ ਕਈ ਪਿੰਡਾਂ ’ਚ ਅਚਾਨਕ ਬਦਲੇ ਮੌਸਮ ਨਾਲ ਆਈ ਤੇਜ਼ ਮੀਂਹ, ਹਵਾ ਅਤੇ ਗੜ੍ਹਿਆਂ ਨੇ ਖੇਤਾਂ ’ਚ ਖੜੀ ਤਿਆਰ ਫ਼ਸਲ ਦਾ ਨੁਕਸਾਨ ਕੀਤਾ ਹੈ। ਕਈ ਥਾਵਾਂ ’ਤੇ ਕਣਕ ਦੀਆਂ ਬੱਲੀਆਂ ਵੀ ਝੜ੍ਹ ਗਈਆਂ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ, ਕਿਉਂਕਿ ਫ਼ਸਲ ਕਟਾਈ ਦੇ ਬਿਲਕੁਲ ਨੇੜੇ ਸੀ। ਪਿੰਡ ਮੰਮੂ ਖੇੜਾ ’ਚ ਭਾਰੀ ਗੜ੍ਹੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਗੜ੍ਹੇਮਾਰੀ ਨੇ ਨਾ ਸਿਰਫ਼ ਫ਼ਸਲ ਨੂੰ ਡੇਗ ਦਿੱਤਾ ਹੈ ਸਗੋਂ ਦਾਣਿਆਂ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ। ਕਈ ਖੇਤਾਂ ’ਚ ਕਣਕ ਦੀ ਫ਼ਸਲ ਜ਼ਮੀਨ ’ਤੇ ਲੇਟ ਗਈ ਹੈ, ਜਿਸ ਨਾਲ ਕਟਾਈ ਕਰਨਾ ਔਖਾ ਹੋਵੇਗਾ ਅਤੇ ਮਸ਼ੀਨਾਂ ਦੀ ਵਰਤੋਂ ਵੀ ਮੁਸ਼ਕਿਲ ਬਣ ਜਾਵੇਗੀ। ਇਸ ਨਾਲ ਝਾੜ ਦੇ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਉਸਦਾ ਜਾਇਜ਼ਾ ਲਿਆ ਜਾਵੇ।
