ਵਿਆਹੁਤਾ ਨੇ ਕੋਠੇ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Saturday, Aug 25, 2018 - 02:47 AM (IST)

ਰਾਮਪੁਰਾ ਫੂਲ, (ਤਰਸੇਮ)-ਰਾਮਨਗਰ ਵਿਖੇ ਪਤੀ ਤੇ ਸੱਸ ਦੇ ਅੱਤਿਆਚਾਰਾਂ ਤੋਂ ਤੰਗ ਹੋਈ ਵਿਆਹੁਤਾ ਵੱਲੋਂ ਘਰ ਦੇ ਕੋਠੇ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਹੈ। ਪੁਲਸ ਥਾਣਾ ਸਿਟੀ ਰਾਮਪੁਰਾ ਨੇ ਮ੍ਰਿਤਕਾ ਦੀ ਮਾਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਤਹਿਤ ਮ੍ਰਿਤਕਾ ਦੇ ਪਤੀ ਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਸਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਗਾਂਧੀ ਨਗਰ ਮੰਡੀ ਰਾਮਪੁਰਾ ਨੇ ਆਪਣੇ ਬਿਆਨਾਂ ਵਿਚ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੀ ਲਡ਼ਕੀ ਮਨਪ੍ਰੀਤ ਕੌਰ (20) ਦਾ ਵਿਆਹ ਰੀਤੀ-ਰਿਵਾਜਾਂ ਅਨੁਸਾਰ 2 ਮਾਰਚ 2018 ਨੂੰ ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਮਨਗਰ, ਨੇਡ਼ੇ ਜੀ. ਐੱਸ. ਕੰਡਾ ਰਾਮਪੁਰਾ ਮੰਡੀ ਨਾਲ ਕੀਤਾ ਸੀ ਤੇ ਲੋਡ਼ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਜੁਆਈ ਸਤਨਾਮ ਸਿੰਘ ਤੇ ਉਸ ਦੀ ਕੁਡ਼ਮਣੀ ਚਰਨਜੀਤ ਕੌਰ ਉਸ ਦੀ ਲਡ਼ਕੀ ਦੀ ਕੁੱਟ-ਮਾਰ ਕਰਨ ਲੱਗੇ ਤੇ ਅੱਤਿਆਚਾਰ ਕਰਦੇ ਹੋਏ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਸਬੰਧੀ ਉਸ ਦੀ ਲਡ਼ਕੀ ਵੱਲੋਂ ਉਨ੍ਹਾਂ ਨੂੰ ਕਈ ਵਾਰ ਦੱਸਿਆ ਵੀ ਗਿਆ ਸੀ ਪਰ ਬੀਤੀ ਦੇਰ ਸ਼ਾਮ ਨੂੰ ਉਸ ਦੀ ਲਡ਼ਕੀ ਮਨਪ੍ਰੀਤ ਕੌਰ ਨੇ ਆਪਣੇ ਸਹੁਰੇ ਘਰ ਆਪਣੇ ਪਤੀ ਸਤਨਾਮ ਸਿੰਘ ਤੇ ਸੱਸ ਚਰਨਜੀਤ ਕੌਰ ਤੋਂ ਤੰਗ ਆ ਕੇ ਅੱਤਿਆਚਾਰਾਂ ਨੂੰ ਨਾ ਸਹਾਰਦੇ ਹੋਏ ਕੋਠੇ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਹੈ। ਜਿਸ ਦੀ ਲਾਸ਼ ਆਦੇਸ਼ ਹਸਪਤਾਲ ਭੁੱਚੋ ਵਿਖੇ ਪਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਅਾਧਾਰ ’ਤੇ ਮ੍ਰਿਤਕਾ ਦੇ ਪਤੀ ਤੇ ਸੱਸ ਖਿਲਾਫ ਪੁਲਸ ਥਾਣਾ ਸਿਟੀ ਰਾਮਪੁਰਾ ਵਿਖੇ ਅਧੀਨ ਧਾਰਾ 304 ਬੀ ਆਈ. ਪੀ. ਸੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਤੇ ਇਸ ਮਾਮਲੇ ਦੀ ਜਾਂਚ ਥਾਣੇ ਦੇ ਸਹਾਇਕ ਥਾਣੇਦਾਰ ਸੱਤਪਾਲ ਕਰ ਰਹੇ ਹਨ।