ਮਾਮਲਾ ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ : ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ

Thursday, Jul 19, 2018 - 04:50 AM (IST)

ਮਾਮਲਾ ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ : ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ

ਅੱਪਰਾ(ਦੀਪਾ)-ਬੀਤੇ ਦਿਨੀਂ ਕਰੀਬੀ ਪਿੰਡ ਚੱਕ ਸਾਹਬੂ, ਤਹਿ. ਫਿਲੌਰ ਦੇ ਨੌਜਵਾਨ, ਜੋ ਕਿ ਆਪਣੇ ਪਰਿਵਾਰ ਸਮੇਤ ਫਗਵਾਡ਼ਾ ਵਿਖੇ ਕਿਰਾਏ ’ਤੇ ਰਹਿ ਰਿਹਾ ਸੀ, ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਅੱਜ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਆਤਮਹੱਤਿਆ ਨਹੀਂ ਕੀਤੀ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਤਿੰਦਰ ਮੈਂਗਡ਼ਾ (30)  ਦੇ ਮਾਤਾ ਨਛੱਤਰ ਕੌਰ, ਪਿਤਾ ਕੁਲਦੀਪ ਚੰਦ, ਚਾਚਾ ਤੀਰਥ ਰਾਮ ਤੇ ਮਾਮਾ ਜੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਲਗਭਗ 6 ਸਾਲ ਪਹਿਲਾਂ ਫਗਵਾਡ਼ਾ ਵਿਖੇ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ’ਚ ਘਰੇਲੂ ਲਡ਼ਾਈ-ਝਗਡ਼ਾ ਰਹਿਣ ਲੱਗ ਪਿਆ ਸੀ ਜਿਸ ਕਾਰਨ ਜਤਿੰਦਰ ਘਰ ਤੋਂ ਵੱਖਰਾ ਹੋ ਕੇ ਪਿੰਡ ’ਚ ਹੀ ਕਿਰਾਏ ’ਤੇ ਰਹਿਣ ਲੱਗ ਪਿਆ। ਫਿਰ ਜਤਿੰਦਰ ਅੱਪਰਾ ’ਚ ਕਿਰਾਏ ’ਤੇ ਰਹਿਣ ਲੱਗ ਪਿਆ। ਹੁਣ ਉਹ ਆਪਣੀ ਪਤਨੀ ਤੇ ਪੁੱਤਰ ਸਮੇਤ ਫਗਵਾਡ਼ਾ ਵਿਖੇ 1 ਸਾਲ ਤੋਂ ਕਿਰਾਏ ’ਤੇ ਰਹਿ ਰਿਹਾ ਸੀ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਜਦਕਿ ਜਤਿੰਦਰ ਦੀ ਮੌਤ ਸਬੰਧੀ ਉਸ ਦੀ ਪਤਨੀ ਤੇ ਸਹੁਰੇ ਪਰਿਵਾਰ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਜਦੋਂ ਅਸੀਂ ਉਸ ਦੀ  ਲਾਸ਼ ਨੂੰ ਲੈਣ ਗਏ ਤਾਂ ਉਨ੍ਹਾਂ ਨੇ ਸਾਡੇ ਜਾਣ ਤੋਂ ਪਹਿਲਾਂ ਹੀ ਉਸ  ਦੀ  ਲਾਸ਼ ਨੂੰ ਮੋਰਚਰੀ ’ਚ  ਰਖਵਾ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਜਤਿੰਦਰ ਦੇ ਗਲੇ ’ਤੇ ਸੱਟ ਨਿਸ਼ਾਨ ਪਏ ਹੋਏ ਸਨ ਤੇ ਸਰੀਰ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਜਤਿੰਦਰ ਨੇ ਆਤਮਹੱਤਿਆ ਨਹੀਂ ਕੀਤੀ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।  
ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ
ਇਸ ਸਬੰਧੀ ਜਦੋਂ ਜਾਂਚ ਅਧਿਕਾਰੀ ਪਵਨ ਕੁਮਾਰ ਥਾਣਾ ਸਿਟੀ ਫਗਵਾਡ਼ਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ  ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਗਿਆ ਹੈ। ਅਗਲੇਰੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਸਾਬਤ ਹੋਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News