'ਮਹਿਲਾ ਬ੍ਰਿਗੇਡ ਕਾਂਗਰਸ' ਦੀ ਸੂਬਾ ਪ੍ਰਧਾਨ ਦੇ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ (ਵੀਡੀਓ)

05/25/2018 3:22:15 PM

ਮਾਛੀਵਾੜਾ ਸਾਹਿਬ (ਟੱਕਰ) : ਨਸ਼ਿਆਂ ਦੇ ਦੈਂਤ ਨੇ ਫਿਰ ਇਕ ਨੌਜਵਾਨ ਨਿਗਲ ਲਿਆ। ਨਸ਼ਿਆਂ ਕਾਰਨ ਮਹਿਲਾ ਬ੍ਰਿਗੇਡ ਕਾਂਗਰਸ ਦੀ ਸੂਬਾ ਪ੍ਰਧਾਨ ਮਨਪ੍ਰੀਤ ਕੌਰ ਦੇ ਇਕਲੌਤੇ ਨੌਜਵਾਨ ਪੁੱਤਰ ਜੈ ਸਿੰਘ (26) ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਜੈ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਉਸ ਦਾ ਨਸ਼ਾ ਛੁਡਵਾਉਣ ਲਈ ਪਰਿਵਾਰ ਵਲੋਂ ਉਸ ਨੂੰ ਘਰ ਵਿਚ ਹੀ ਰੱਖਿਆ ਜਾਂਦਾ ਸੀ। 
ਕੁੱਝ ਦਿਨਾਂ ਤੋਂ ਨਸ਼ਾ ਨਾ ਮਿਲਣ ਕਾਰਨ ਉਹ ਬੇਹੱਦ ਪਰੇਸ਼ਾਨ ਸੀ ਅਤੇ ਅੱਜ ਉਸ ਦੀ ਮਾਤਾ ਮਨਪ੍ਰੀਤ ਕੌਰ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾਉਣ ਸਬੰਧੀ ਆਨੰਦਪੁਰ ਸਾਹਿਬ ਵਿਖੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਗਈ ਸੀ। ਅੱਜ ਸਵੇਰੇ ਪੌਣੇ 10 ਵਜੇ ਦੇ ਕਰੀਬ ਜਦੋਂ ਨੌਜਵਾਨ ਜੈ ਸਿੰਘ ਦੀ ਪਤਨੀ ਤੇ ਉਸ ਦੀ ਭੈਣ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਚਲੇ ਗਏ ਅਤੇ ਘਰ ਵਿਚ ਨੌਜਵਾਨ ਜੈ ਸਿੰਘ ਤੇ ਉਸ ਦਾ ਪਿਤਾ ਜਸਵਿੰਦਰ ਸਿੰਘ ਸਾਬਕਾ ਫੌਜੀ ਮੌਜੂਦ ਸਨ।

PunjabKesari
ਜੈ ਸਿੰਘ ਨੇ ਕਮਰੇ 'ਚ ਆਪਣੇ ਆਪ ਨੂੰ ਅੰਦਰੋਂ ਕੁੰਡੀ ਲਾ ਲਈ ਅਤੇ ਆਪਣੇ ਪਿਤਾ ਦੀ ਲਾਈਸੈਂਸੀ 12 ਬੋਰ ਦੀ ਰਾਈਫ਼ਲ ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਅਵਾਜ਼ ਸੁਣ ਕੇ ਉਸ ਦਾ ਪਿਤਾ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਤਾਂ ਨੌਜਵਾਨ ਜੈ ਸਿੰਘ ਖੂਨ ਨਾਲ ਲੱਥ-ਪੱਥ ਪਿਆ ਸੀ ਅਤੇ ਤੁਰੰਤ ਉਸ ਨੂੰ ਗੁਆਂਢੀਆਂ ਦੇ ਸਹਿਯੋਗ ਨਾਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

PunjabKesari
ਮਹਿਲਾ ਕਾਂਗਰਸ ਪ੍ਰਧਾਨ ਦੀ ਗੁਹਾਰ, ਕੈਪਟਨ ਸਾਹਿਬ ਨਸ਼ਾ ਕਦੋਂ ਬੰਦ ਹੋਓ?
ਮ੍ਰਿਤਕ ਨੌਜਵਾਨ ਜੈ ਸਿੰਘ ਦੀ ਮਾਤਾ ਅਤੇ ਮਹਿਲਾ ਬ੍ਰਿਗੇਡ ਕਾਂਗਰਸ ਦੀ ਸੂਬਾ ਪ੍ਰਧਾਨ ਮਨਪ੍ਰੀਤ ਕੌਰ ਦਾ ਆਪਣੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ ਸੀ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਪੁੱਤਰ ਦਾ ਨਸ਼ਾ ਛੁਡਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਪਰ ਫਿਰ ਵੀ ਜਦੋਂ ਉਹ ਚੁੱਪ-ਚੁਪੀਤੇ ਘਰੋਂ ਬਾਹਰ ਨਿਕਲ ਜਾਂਦਾ ਸੀ ਤਾਂ ਮਾਛੀਵਾੜਾ 'ਚ ਨਸ਼ਾ ਵੇਚਦੇ ਸੌਦਾਗਰਾਂ ਦੇ ਧੱਕੇ ਚੜ੍ਹ ਜਾਂਦਾ ਸੀ। ਪਿਛਲੇ ਕੁੱਝ ਦਿਨਾਂ ਤੋਂ ਹੀ ਉਸ ਨੂੰ ਘਰ ਵਿਚ ਹੀ ਰੱਖਿਆ ਹੋਇਆ ਸੀ ਅਤੇ ਨਸ਼ਾ ਛੁਡਾਓ ਕੇਂਦਰ ਵਿਚ ਉਸ ਨੂੰ ਦਾਖਲ ਕਰਵਾਉਣ ਜਾਣਾ ਸੀ ਪਰ ਨਸ਼ਾ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਸੀ ਅਤੇ ਉਸਦਾ ਬੁਰਾ ਹਾਲ ਸੀ। ਆਖ਼ਰ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਮਾਂ ਨੇ ਕੈਪਟਨ ਸਾਹਿਬ ਨੂੰ ਗੁਹਾਰ ਲਗਾਈ ਕਿ ਪੰਜਾਬ ਵਿਚ ਨਸ਼ਾ ਕਦੋਂ ਬੰਦ ਹੋਵੇਗਾ ਅਤੇ ਕਦੋਂ ਤੱਕ ਮਾਵਾਂ ਦੇ ਪੁੱਤਰ ਨਸ਼ਿਆਂ ਕਾਰਨ ਮਰਦੇ ਰਹਿਣਗੇ।


Related News