ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਔਰਤ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
Thursday, Mar 15, 2018 - 03:54 AM (IST)

ਮਾਨਸਾ(ਜੱਸਲ)-ਨੇੜਲੇ ਪਿੰਡ ਬੁਰਜ ਢਿੱਲਵਾਂ ਵਿਖੇ ਕਰਜ਼ੇ ਤੋਂ ਤੰਗ ਆ ਕੇ ਇਕ ਮਜ਼ਦੂਰ ਔਰਤ ਲਵਜੀਤ ਕੌਰ (21) ਪਤਨੀ ਭਿੰਦਰ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੀ ਔਰਤ ਦੇ ਪਤੀ ਭਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ 'ਤੇ ਪ੍ਰਾਈਵੇਟ ਅਤੇ ਸਰਕਾਰੀ ਕਰਜ਼ਾ 3 ਲੱਖ ਰੁਪਏ ਦੇ ਕਰੀਬ ਚੜ੍ਹਿਆ ਹੋਇਆ ਹੈ ਅਤੇ ਕਰਜ਼ੇ ਦੇ ਕਾਰਨ ਉਹ ਅਤੇ ਉਸ ਦੀ ਘਰ ਵਾਲੀ ਲਵਜੀਤ ਕੌਰ ਹਰ ਵੇਲੇ ਚਿੰਤਾ 'ਚ ਰਹਿੰਦੇ ਸਨ ਕਿਉਂਕਿ ਪੈਸੇ ਲੈਣ ਵਾਲੇ ਹਰ ਰੋਜ਼ ਉਨ੍ਹਾਂ ਦੇ ਘਰ ਗੇੜੇ ਮਾਰਦੇ ਸਨ, ਜਿਸ ਕਾਰਨ ਸਮੁੱਚਾ ਪਰਿਵਾਰ ਤਣਾਅ 'ਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੀਆਂ ਭੈਣਾਂ ਅਤੇ ਮਾਂ ਵੀ ਕਰਜ਼ੇ ਕਾਰਨ ਕਈ ਘਰਾਂ ਵਿਚ ਗੋਹਾ-ਕੂੜਾ ਕਰਦੀਆਂ ਸਨ ਅਤੇ ਗਰੀਬੀ ਕਾਰਨ ਉਸ ਦੀਆਂ ਭੈਣਾਂ ਦਾ ਵਿਆਹ ਵੀ ਪਿੰਡ ਦੇ ਲੋਕਾਂ ਨੇ ਹੀ ਕੀਤਾ ਹੈ। ਇਸ ਤਣਾਅ ਤੇ ਪ੍ਰੇਸ਼ਾਨੀ ਕਾਰਨ ਉਸ ਦੀ ਘਰ ਵਾਲੀ ਨੇ, ਜਦੋਂ ਉਹ ਘਰ ਇੱਕਲੀ ਸੀ, ਖੁਦਕੁਸ਼ੀ ਕਰ ਲਈ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਧੂ ਸਿੰਘ ਬੁਰਜ ਢਿੱਲਵਾਂ, ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਸੁਖਦੇਵ ਸਿੰਘ ਬੁਰਜ ਢਿੱਲਵਾਂ ਨੇ ਮੰਗ ਕੀਤੀ ਕਿ ਮ੍ਰਿਤਕਾ ਮਜ਼ਦੂਰ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।