ਮਾਨਸਿਕ ਤੌਰ ''ਤੇ ਪ੍ਰੇਸ਼ਾਨ ਔਰਤ ਨੇ ਨਹਿਰ ''ਚ ਮਾਰੀ ਛਾਲ
Saturday, Dec 09, 2017 - 05:01 AM (IST)
ਜਗਰਾਓਂ(ਜਸਬੀਰ ਸ਼ੇਤਰਾ)–ਇਕ ਵਿਆਹੁਤਾ ਔਰਤ ਨੇ ਅੱਜ ਇਥੇ ਅਬੋਹਰ ਬ੍ਰਾਂਚ ਦੀ ਅਖਾੜਾ ਨਹਿਰ 'ਚ ਛਾਲ ਮਾਰ ਦਿੱਤੀ। ਔਰਤ ਨੂੰ ਡੁੱਬਦੀ ਦੇਖ ਬਚਾਉਣ ਲਈ ਪਿੱਛੇ ਹੀ ਛਾਲ ਮਾਰਨ ਵਾਲਾ ਨੌਜਵਾਨ ਵੀ ਪਾਣੀ ਦੇ ਤੇਜ਼ ਵਹਾਅ 'ਚ ਫਸ ਗਿਆ ਤਾਂ ਤੀਸਰੇ ਨੌਜਵਾਨ ਨੇ ਛਾਲ ਮਾਰ ਕੇ ਦੋਹਾਂ ਦੀ ਜਾਨ ਬਚਾਈ। ਜਾਣਕਾਰੀ ਅਨੁਸਾਰ ਔਰਤ ਘਰੇਲੂ ਕਲੇਸ਼ ਕਾਰਨ ਪ੍ਰੇਸ਼ਾਨ ਸੀ ਅਤੇ ਉਹ ਆਪਣੇ ਬੱਚੇ ਸਮੇਤ ਨਹਿਰ ਦੇ ਕੰਢੇ ਪਹੁੰਚੀ ਪਰ ਬੱਚੇ ਨੂੰ ਨਹਿਰ ਦੇ ਕੰਢੇ ਹੀ ਛੱਡ ਕੇ ਉਸ ਨੇ ਇਕੱਲਿਆਂ ਛਾਲ ਮਾਰੀ। ਇਸ ਸਮੇਂ ਉਹ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ। ਅਮਰਜੀਤ ਕੌਰ ਨਾਂ ਦੀ ਇਹ ਔਰਤ ਕੋਠੇ ਪ੍ਰੇਮਸਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ, ਜੋ ਆਪਣੇ 9 ਸਾਲਾ ਬੱਚੇ ਨਾਲ ਨਹਿਰ ਦੇ ਕੰਢੇ 'ਤੇ ਪਹੁੰਚੀ ਸੀ। ਸੂਤਰਾਂ ਅਨੁਸਾਰ ਔਰਤ ਸਕੂਲ 'ਚ ਮਿਡ-ਡੇ ਮੀਲ ਬਣਾਉਣ ਦਾ ਕੰਮ ਕਰਦੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਨਹਿਰ 'ਚ ਛਾਲ ਮਾਰਨ ਤੋਂ ਬਾਅਦ ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਚੀਕਾਂ ਨੂੰ ਸੁਣ ਕੇ ਉਸ ਦੇ ਕੰਢੇ 'ਤੇ ਮੌਜੂਦ ਲੜਕੇ ਨੇ ਵੀ ਉੱਚੀ ਆਵਾਜ਼ 'ਚ ਰੌਲਾ ਪਾ ਦਿੱਤਾ। ਉਥੋਂ ਲੰਘ ਰਹੇ ਪਿੰਡ ਅਖਾੜਾ ਦੇ ਹਰਬੰਸ ਸਿੰਘ ਨੇ ਔਰਤ ਨੂੰ ਡੁੱਬਦੀ ਦੇਖ ਬਚਾਉਣ ਲਈ ਪਿੱਛੇ ਹੀ ਛਾਲ ਮਾਰ ਦਿੱਤੀ। ਉਸ ਸਮੇਂ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਹਰਬੰਸ ਸਿੰਘ ਵੀ ਵਿਚ ਹੀ ਫਸ ਗਿਆ ਅਤੇ ਜਦੋਂ ਉਹ ਡੁੱਬਣ ਲੱਗਾ ਤਾਂ ਨਹਿਰ ਦੇ ਕੰਢੇ ਝਾੜੂ ਵੇਚਣ ਵਾਲੇ ਕ੍ਰਿਸ਼ਨਾ ਨੇ ਨਹਿਰ 'ਚ ਛਾਲ ਮਾਰੀ ਤੇ ਉਸ ਨੂੰ ਬਚਾਇਆ। ਉਸ ਸਮੇਂ ਤਕ ਅਮਰਜੀਤ ਕੌਰ ਕਾਫੀ ਅੱਗੇ ਜਾ ਚੁੱਕੀ ਸੀ ਪਰ ਅੱਗੇ ਨਹਿਰ 'ਚ ਲੱਗੇ ਪ੍ਰਾਜੈਕਟ ਦੇ ਗੇਟ ਬੰਦ ਹੋਣ ਕਾਰਨ ਉਥੇ ਹੀ ਰੁਕ ਗਈ ਅਤੇ ਕ੍ਰਿਸ਼ਨਾ ਨੇ ਪਿੱਛੇ ਜਾ ਕੇ ਉਸ ਨੂੰ ਵੀ ਪਾਣੀ 'ਚੋਂ ਕੱਢਿਆ। ਇਸੇ ਦੌਰਾਨ ਔਰਤ ਦਾ ਪਤੀ ਵੀ ਮੌਕੇ 'ਤੇ ਪਹੁੰਚ ਗਿਆ ਤੇ ਫੌਰੀ ਔਰਤ ਨੂੰ ਕਾਰ 'ਚ ਇਕ ਨਿੱਜੀ ਹਸਪਤਾਲ ਲੈ ਕੇ ਗਿਆ। ਪੁਲਸ ਨੂੰ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਨਹਿਰ 'ਚ ਛਾਲ ਮਾਰਨ ਵਾਲੀ ਔਰਤ ਦੇ ਸਹੁਰੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
