ਦਿਮਾਗੀ ਰੂਪ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
Tuesday, Sep 19, 2017 - 01:08 AM (IST)
ਫਾਜ਼ਿਲਕਾ(ਨਾਗਪਾਲ, ਲੀਲਾਧਰ)—ਪਿੰਡ ਬਕੈਨ ਵਾਲਾ ਵਿਚ ਕਰਜ਼ੇ ਕਾਰਨ ਦਿਮਾਗੀ ਰੂਪ ਤੋਂ ਪ੍ਰੇਸ਼ਾਨ ਕਿਸਾਨ ਮੱਖਣ ਸਿੰਘ (40) ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਭਰਾ ਰਾਜਿੰਦਰ ਸਿੰਘ ਵਾਸੀ ਪਿੰਡ ਬਕੈਨ ਵਾਲਾ ਵੱਲੋਂ ਫਾਜ਼ਿਲਕਾ ਸਦਰ ਥਾਣਾ ਦੇ ਤਹਿਤ ਖੂਈਖੇੜਾ ਚੌਕੀ ਦੇ ਕੋਲ ਦਰਜ ਐੱਫ. ਆਈ. ਆਰ. ਦੇ ਮੁਤਾਬਕ ਮੱਖਣ ਸਿੰਘ ਦੇ ਕੋਲ ਪਿੰਡ ਵਿਚ ਲਗਭਗ ਢਾਈ ਏਕੜ ਜ਼ਮੀਨ ਸੀ। ਉਸਨੇ ਦੱਸਿਆ ਕਿ ਅਬੋਹਰ ਦੇ ਆੜ੍ਹਤੀਆਂ ਮਦਨ ਮੋਹਨ ਅਤੇ ਵਿਜੈ ਕੁਮਾਰ ਦੋਵੇਂ ਭਰਾ ਅਤੇ ਗੌਰਵ ਚੰਦ ਤੇ ਚੰਦਰ ਮੋਹਨ ਨੇ ਉਸ 'ਤੇ 3.76 ਲੱਖ ਰੁਪਏ ਦਾ ਕਰਜ਼ਾ ਵਿਖਾ ਕੇ ਉਸਦੀ ਜ਼ਮੀਨ ਦੀ ਕੁਰਕੀ ਕਰਵਾਈ ਸੀ। ਇਸ ਤੋਂ ਇਲਾਵਾ ਉਸਨੇ ਲਗਭਗ 2.5 ਲੱਖ ਰੁਪਏ ਬੈਂਕ ਅਤੇ 50,000 ਰੁਪਏ ਦਾ ਕਰਜ਼ਾ ਸੁਸਾਇਟੀ ਤੋਂ ਵੀ ਲਿਆ ਹੋਇਆ ਸੀ। ਐੱਫ. ਆਈ. ਆਰ. ਵਿਚ ਉਸਨੇ ਦੱਸਿਆ ਕਿ ਆੜ੍ਹਤੀਆਂ ਨੇ ਮੱਖਣ ਸਿੰਘ, ਉਸਦੀ ਮਾਤਾ ਅਤੇ ਚਾਚਾ, ਚਾਚੀ ਦੇ ਖਿਲਾਫ਼ ਥਾਣਾ ਸਿਟੀ-1 ਅਬੋਹਰ ਵਿਚ 3 ਜੁਲਾਈ ਨੂੰ ਇਕ ਮਾਮਲਾ ਵੀ ਦਰਜ ਕਰਵਾਇਆ ਹੋਇਆ ਸੀ। ਉਸਨੇ ਦੱਸਿਆ ਕਿ ਇਸ ਕਾਰਨ ਮੱਖਣ ਸਿੰਘ ਦਿਮਾਗੀ ਰੂਪ ਨਾਲ ਪੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਕਾਰਨ ਮੱਖਣ ਸਿੰਘ ਨੇ ਬੀਤੀ ਰਾਤ ਆਪਣੇ ਖੇਤ ਵਿਚ ਰੁੱਖ ਦੇ ਨਾਲ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ। ਖੂਈਖੇੜਾ ਚੌਕੀ ਪੁਲਸ ਨੇ ਆੜ੍ਹਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦਾ ਸਥਾਨਿਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ।
