ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

07/16/2018 5:29:27 PM

ਖਰੜ (ਅਮਰਦੀਪ) : ਗ੍ਰਾਮ ਪੰਚਾਇਤ ਪਿੰਡ ਕਰਤਾਰਪੁਰ ਦੇ ਸਾਬਕਾ ਸਰਪੰਚ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਹਰਨੇਕ ਸਿੰਘ ਪੁੱਤਰ ਉਜਾਗਰ ਸਿੰਘ (52) ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਪੁੜ-ਪੁੜੀ ਵਿਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਜੋ ਜ਼ਿੰਮੀਦਾਰੀ ਦੇ ਨਾਲ-ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਸੀ, ਆਪਣੀ ਗੱਡੀ (ਪੀ. ਬੀ. 65. ਡਬਲਯੂ 0006) ਵਿਚ ਸਵਾਰ ਹੋ ਕੇ ਘਰੋਂ ਕੰਮਕਾਰ 'ਤੇ ਗਿਆ ਸੀ ਜਦੋਂ ਰਾਤ ਤੱਕ ਵਾਪਸ ਨਾ ਆਇਆ ਤਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਦੋਂ ਪੁਲਸ ਰਾਤ ਉਸਦੀ ਭਾਲ ਕਰ ਰਹੀ ਸੀ ਤਾਂ ਪਿੰਡ ਪੜੌਲ ਸੜਕ ਕਿਨਾਰੇ ਇਕ ਇਨੋਵਾ ਗੱਡੀ ਜਿਸ ਦੀਆਂ ਹੈਡ ਲਾਈਟਾਂ ਚਾਲੂ ਸਨ ਅਤੇ ਉਸ ਵਿਚ ਖੂਨ ਨਾਲ ਲਥਪਥ ਹਰਨੇਕ ਸਿੰਘ ਦੀ ਲਾਸ਼ ਪਈ ਸੀ ਅਤੇ ਨਾਲ ਹੀ ਉਸ ਦੀ ਲਾਇਸੈਂਸੀ ਰਿਵਾਲਵਰ ਵੀ ਪਈ ਸੀ। ਪੁਲਸ ਨੇ ਗੱਡੀ ਸਮੇਤ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿਚ ਰਖਵਾ ਦਿੱਤੀ। 
ਖੁਦਕਸ਼ੀ ਨਹੀਂ ਕਤਲ ਹੋਇਆ
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਨੇਕ ਸਿੰਘ ਨੂੰ ਮੁਹਾਲੀ ਦਾ ਇਕ ਪ੍ਰਾਪਰਟੀ ਡੀਲਰ ਬੇਹੱਦ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸਨੂੰ ਕਈ ਕੇਸਾਂ ਵਿਚ ਉਲਝਾਇਆ ਹੋਇਆ ਸੀ ਜਿਸ ਕਾਰਨ ਹਰਨੇਕ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਹਰਨੇਕ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸਦਾ ਕਿਸੇ ਵਿਅਕਤੀ ਨੇ ਕਤਲ ਕਰਵਾਇਆ ਹੈ। 
ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਸਬ ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੂਰੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸਿਵਲ ਹਸਪਤਾਲ ਖਰੜ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News