ਫਾਹੇ ਨਾਲ ਲਟਕੀ ਪਈ ਸੀ ਧੀ, ਲੋਕ ਸਮਝ ਨਾ ਸਕੇ ਕੀ ਕਹਿ ਰਹੀ ਗੂੰਗੀ-ਬੋਲੀ ਮਾਂ

Monday, Jan 08, 2018 - 07:45 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਥਾਨਕ ਕੱਚਾ ਕਾਲਜ ਰੋਡ ਗਲੀ ਨੰਬਰ 5 ਵਿਚ ਇਕ ਗੂੰਗੀ ਬੋਲੀ ਲੜਕੀ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਜਦੋਂ ਉਸਦੀ ਮਾਤਾ ਨੂੰ ਲੱਗੀ ਤਾਂ ਉਸਨੇ ਮੁਹੱਲੇ ਵਿਚ ਰੌਲਾ ਪਾਇਆ। ਜ਼ਿਕਰਯੋਗ ਹੈ ਕਿ ਆਤਮਹੱਤਿਆ ਕਰਨ ਵਾਲੀ ਲੜਕੀ ਦੇ ਮਾਤਾ-ਪਿਤਾ ਵੀ ਗੂੰਗੇ-ਬਹਿਰੇ ਹਨ। ਜਾਣਕਾਰੀ ਅਨੁਸਾਰ ਮੰਨਤ ਅਗਰਵਾਲ ਪੁੱਤਰੀ ਰਮੇਸ਼ ਅੱਗਰਵਾਲ ਵਾਸੀ ਬਰਨਾਲਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਨੇੜਲੇ ਲੋਕਾਂ ਦੇ ਦੱਸਣ ਅਨੁਸਾਰ ਇਨ੍ਹਾਂ ਦੇ ਘਰ ਇਕ ਕੁੱਤੀ ਹੁੰਦੀ ਸੀ। ਜਿਸ ਨਾਲ ਮੰਨਤ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਕੁੱਤੀ ਦੇ ਘਰੋਂ ਜਾਣ ਮਗਰੋਂ ਉਹ ਪਰੇਸ਼ਾਨ ਰਹਿਣ ਲੱਗੀ। ਅੱਜ ਉਸਨੇ ਆਪਣੇ ਘਰ ਦੇ ਕਮਰੇ ਵਿਚ ਛੱਤ ਦੇ ਪੱਖੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਜਿਸ ਵੇਲੇ ਲੜਕੀ ਨੇ ਆਤਮਹੱਤਿਆ ਕੀਤੀ ਉਸ ਵੇਲੇ ਉਸਦੀ ਮਾਂ ਪਿਛਲੇ ਕਮਰੇ ਵਿਚ ਸਬਜੀ ਬਣਾਉਣ ਲਈ ਮਟਰ ਛਿੱਲ ਰਹੀ ਸੀ। ਜਦੋਂ ਉਹ ਕਿਸੇ ਕੰਮ ਲਈ ਬਾਹਰ ਆਈ ਤਾਂ ਉਸਨੇ ਆਪਣੀ ਲੜਕੀ ਨੂੰ ਪੱਖੇ ਨਾਲ ਲਟਕਦੀ ਦੇਖਿਆ।
ਉਸਨੇ ਮੁਹੱਲੇ ਵਿਚ ਵੀ ਰੌਲਾ ਪਾਇਆ ਪਰ ਗੂੰਗੀ ਬਹਿਰੀ ਹੋਣ ਕਾਰਨ ਮੁਹੱਲੇ ਦੇ ਲੋਕ ਉਸਦੀ ਗੱਲ ਨੂੰ ਸਮਝ ਨਹੀਂ ਸਕੇ ਅਤੇ ਲੜਕੀ ਦੀ ਲਾਸ਼ ਦੋ ਘੰਟੇ ਤੱਕ ਪੱਖੇ ਨਾਲ ਲਟਕਦੀ ਰਹੀ। ਫਿਰ ਕਿਸੇ ਵਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਬਲਵੰਤ ਸਿੰਘ ਪੁਲਸ ਫੋਰਸ ਲੈ ਕੇ ਘਟਨਾ ਸਥਾਨ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਲੜਕੀ ਨੂੰ ਪੱਖੇ ਤੋਂ ਲਾਹ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜਿਆ।


Related News