ਜ਼ਿਲੇ ਦੇ ਸ਼ਰਾਬ ਦੇ ਠੇਕਿਆਂ ''ਤੇ ਸੂਫੀ ਗਰੁੱਪ ਦਾ ਕਬਜ਼ਾ
Tuesday, Mar 27, 2018 - 07:13 AM (IST)

ਅੰਮ੍ਰਿਤਸਰ, (ਇੰਦਰਜੀਤ)- ਨਵੇਂ ਵਿੱਤ ਸਾਲ ਲਈ ਅੰਮ੍ਰਿਤਸਰ ਸਰਕਲ ਦੇ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਅੱਜ ਸਥਾਨਕ ਇਕ ਹੋਟਲ ਵਿਚ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਠੇਕੇਦਾਰਾਂ ਲਈ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਡਰਾਅ ਕੱਢੇ ਗਏ। ਇਸ ਵਿਚ ਸ਼ਰਾਬ ਦੇ ਵੱਡੇ ਵਪਾਰੀ ਚੰਡੀਗੜ੍ਹ ਦੇ ਸੂਫੀ ਗਰੁੱਪ ਦਾ ਦਬਦਬਾ ਰਿਹਾ ਜਿਨ੍ਹਾਂ 41 ਵਿਚੋਂ 10 ਗਰੁੱਪਾਂ 'ਤੇ ਕਬਜ਼ਾ ਕੀਤਾ ਜਦੋਂਕਿ ਇਸ ਦੇ ਨਾਲ ਸ਼ਰਾਬ ਦੇ ਵੱਡੇ ਵਪਾਰੀਆਂ ਵਿਚ ਮਲਹੋਤਰਾ ਗਰੁੱਪ ਕੋਲ 1, ਯੂਨਾਈਟਿਡ ਵਾਈਨ ਕੋਲ 2, ਬੱਬੀ ਗਰੁੱਪ ਨੂੰ 4, ਸੰਨੀ ਸ਼ਰਮਾ ਗਰੁੱਪ ਦੇ 3, ਰਿੰਪਲ ਗਰੁੱਪ ਦੇ 4, ਸ਼ਿਵ ਲਾਲ ਡੋਡਾ ਨੂੰ 1 ਗਰੁੱਪ ਦੇ ਠੇਕੇ ਮਿਲੇ। ਕੁੱਲ ਮਿਲਾ ਕੇ ਵੱਡੇ ਘਰਾਣਿਆਂ ਨੂੰ 25 ਗਰੁੱਪ ਮਿਲੇ। ਇਸ ਮੀਟਿੰਗ ਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡੀ. ਸੀ. ਕੁਲਦੀਪ ਸਿੰਘ ਸੰਘਾ ਨੇ ਕੀਤੀ। ਦੁਪਹਿਰ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੀ ਇਸ ਡਰਾਅ ਸਕੀਮ ਵਿਚ ਅੰਮ੍ਰਿਤਸਰ ਦੇ ਦੋਵੇਂ ਸਰਕਲਾਂ ਦੇ 41 ਗਰੁੱਪਾਂ ਦੇ ਠੇਕੇ ਅਲਾਟ ਕੀਤੇ ਗਏ। ਸ਼ਰਾਬ ਦੇ ਠੇਕਿਆਂ 'ਚ ਬਟਵਾਰੇ ਵਿਚ ਪਾਰਦਰਸ਼ਤਾ ਲਿਆਂਦੀ ਜਾਵੇ। ਇਸ ਲਈ ਨਗਰ ਦੇ ਕਈ ਵਿਅਕਤੀਆਂ ਦੇ ਨਾਲ-ਨਾਲ ਮੀਡੀਆ ਕਰਮੀਆਂ ਨੇ ਵੀ ਡਰਾਅ ਕੱਢੇ। 4 ਘੰਟੇ ਵਿਚ ਹੋਈ ਇਸ ਅਲਾਟਮੈਂਟ ਵਿਚ ਕਿਸੇ ਵੀ ਤਰ੍ਹਾਂ ਦਾ ਵਾਦ-ਵਿਵਾਦ ਨਹੀਂ ਹੋਇਆ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਹੀ ਦੇ ਦਿਨ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਠੇਕਿਆਂ ਦੇ ਡਰਾਅ ਵੀ ਕੱਢੇ ਜਾ ਰਹੇ ਹਨ।
ਇਹ ਸਨ ਮੌਜੂਦ
ਇਸ ਮੌਕੇ ਕਮਲਦੀਪ ਸਿੰਘ ਸੰਘਾ ਤੋਂ ਇਲਾਵਾ ਡੀ. ਈ. ਟੀ. ਸੀ. ਹਰਿੰਦਰਪਾਲ ਸਿੰਘ, ਏ. ਈ. ਟੀ. ਸੀ.-2 ਰਾਜਵਿੰਦਰ ਕੌਰ, ਏ. ਈ. ਟੀ. ਸੀ-1 ਤੇਜਬੀਰ ਸਿੰਘ, ਈ. ਟੀ. ਓ. ਲਖਬੀਰ ਸਿੰਘ, ਈ. ਟੀ. ਓ. ਐੱਸ. ਕੇ. ਵਰਮਾ, ਇੰਚਾਰਜ ਅਜਨਾਲਾ ਸਰਕਲ ਦੇ ਇੰਸਪੈਕਟਰ ਰਾਜਵਿੰਦਰ ਕੌਰ, ਇੰਸਪੈਕਟਰ ਭਾਟੀਆ ਮੌਜੂਦ ਸਨ ਜਦੋਂਕਿ ਦੂਜੇ ਪਾਸੇ ਪੰਜਾਬ ਪੁਲਸ ਦੇ ਵੱਡੀ ਗਿਣਤੀ ਵਿਚ ਜਵਾਨ ਤਾਇਨਾਤ ਸਨ।
ਐਕਸਾਈਜ਼ ਦੇ 'ਲੰਗਰ' 'ਤੇ ਪੁਲਸ ਦਾ 'ਛਾਪਾ'
ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਲਾਭ ਪ੍ਰਾਪਤ ਕਰਨ ਵਾਲੇ ਠੇਕੇਦਾਰਾਂ ਲਈ ਜਦੋਂ ਡਰਾਅ ਕੱਢੇ ਜਾ ਰਹੇ ਸਨ ਤਾਂ ਕੋਈ ਵੀ ਠੇਕੇਦਾਰ ਅਤੇ ਠੇਕਿਆਂ ਦੇ ਵਪਾਰ ਨਾਲ ਸਬੰਧਤ ਵਿਅਕਤੀ ਹਾਲ ਤੋਂ ਬਾਹਰ ਆਉਣ ਨੂੰ ਤਿਆਰ ਨਹੀਂ ਸਨ। ਸਾਰਿਆਂ ਦੀਆਂ ਨਜ਼ਰਾਂ ਅਤੇ ਕੰਨ ਡਰਾਅ ਨਿਕਲਣ ਵਾਲੇ ਲਾਭ ਪ੍ਰਾਪਤੀਆਂ ਵੱਲ ਸਨ। ਇਸ ਦੌਰਾਨ ਹੋਟਲ ਵਿਚ ਜਦੋਂ ਸਮੇਂ ਅਨੁਸਾਰ ਗਰਮਾ-ਗਰਮ ਖਾਣਾ ਪਰੋਸਿਆ ਤਾਂ ਕੋਈ ਬਾਹਰ ਨਹੀਂ ਨਿਕਲਿਆ। ਮੌਕਾ ਵੇਖ ਕੇ ਪੁਲਸ ਮੁਲਾਜ਼ਮ ਖਾਣੇ 'ਤੇ ਟੁੱਟ ਪਏ। ਬੱਸ ਫਿਰ ਕੀ ਸੀ, ਵੇਖਦੇ ਹੀ ਵੇਖਦੇ ਪਤੀਲੇ ਸਾਫ਼ ਹੋਣੇ ਸ਼ੁਰੂ ਹੋ ਗਏ। ਬਾਹਰ ਆਏ ਜਦੋਂ ਅਸਲੀ ਖਪਤਕਾਰਾਂ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਖਾਲੀ ਪਤੀਲੇ ਵਿਖਾਈ ਦਿੱਤੇ।
ਇਨ੍ਹਾਂ ਨੂੰ ਹੋਏ ਠੇਕੇ ਅਲਾਟ
ਡੀ. ਈ. ਟੀ. ਸੀ. ਹਰਿੰਦਰਪਾਲ ਸਿੰਘ ਅਨੁਸਾਰ ਵਰਿੰਦਰ ਦੱਤਾ ਨੂੰ ਸੁਲਤਾਨਵਿੰਡ, ਗੁਰਮੀਤ ਸਿੰਘ ਨੂੰ ਗੰਗਾ ਬਿਲਡਿੰਗ, ਦਿਵਿਆ ਸਿੰਗਲਾ ਨੂੰ ਇਸਲਾਮਾਬਾਦ, ਸੁਦੇਸ਼ ਰਾਣੀ ਨੂੰ ਗੋਪਾਲ ਨਗਰ, ਡੋਡਾ ਵਾਈਨ ਦੇ ਸ਼ਿਵ ਲਾਲ ਡੋਡਾ ਨੂੰ ਨਿਊ ਫੋਕਲ ਪੁਆਇੰਟ, ਤਮੰਨਾ ਮਹਿਤਾ ਨੂੰ ਕਪੂਰ ਨਗਰ, ਸੁਲੱਖਣ ਸਿੰਘ ਨੂੰ ਮੁਸਤਫਾਬਾਦ, ਨੀਰਜ ਸ਼ਰਮਾ ਨੂੰ ਕੋਰਟ ਰੋਡ, ਅਸ਼ੋਕ ਕਪੂਰ ਨੂੰ ਰੇਲਵੇ ਸਟੇਸ਼ਨ, ਹਰਜੀਤ ਸਿੰਘ ਨੂੰ ਪੁਰਾਣੀ ਚੁੰਗੀ ਰੋਡ, ਕਰਨੈਲ ਸਿੰਘ ਨੂੰ ਪੁਤਲੀ ਘਰ, ਦਿਨੇਸ਼ ਚੰਦਰ ਨੂੰ ਸੈਲੀਬ੍ਰੇਸ਼ਨ ਮਾਲ, ਗਗਨਦੀਪ ਸਿੰਘ ਨੂੰ ਸਿਟੀ ਸੈਂਟਰ, ਰਾਜਬੀਰ ਕੁਮਾਰ ਸ਼ੈਲੀ ਨੂੰ ਰਤਨ ਸਿੰਘ ਚੌਕ, ਕਰਨੈਲ ਸਿੰਘ ਨੂੰ 100 ਫੁੱਟੀ ਰੋਡ, ਜਤਿੰਦਰ ਕੁਮਾਰ ਨੂੰ ਬੇਰੀ ਗੇਟ, ਨਰੇਸ਼ ਕੁਮਾਰ ਨੂੰ ਤਰਨਤਾਰਨ ਰੋਡ, ਊਸ਼ਾ ਸਿੰਗਲਾ ਨੂੰ ਕਵਿਨਜ਼ ਰੋਡ, ਰਵਿੰਦਰ ਕੁਮਾਰ ਨੂੰ ਅਲਫਾਵਨ, ਯੂਨਾਈਟਿਡ ਵਾਈਨ ਨੂੰ ਹੁਸੈਨਪੁਰਾ, ਸਦਰ ਮਸੀਹ ਨੂੰ ਰਣਜੀਤ ਐਵੀਨਿਊ, ਦੀਪਕ ਨਈਅਰ ਨੂੰ ਗੇਟ ਹਕੀਮਾਂ, ਅਮਰਜੀਤ ਸਿੰਘ ਨੂੰ ਗੋਲਬਾਗ, ਸੁਖਬੀਰ ਸਿੰਘ ਨੂੰ ਨਿਊ ਅੰਮ੍ਰਿਤਸਰ, ਊਸ਼ਾ ਸਿੰਗਲਾ ਨੂੰ ਮਾਹਣਾ ਸਿੰਘ ਗੇਟ, ਰੋਹਿਤ ਕਪੂਰ ਨੂੰ ਰਾਮਬਾਗ।