10ਵੀਂ ਦੀ ਪ੍ਰੀਖਿਆ ''ਚੋਂ 2 ਵਾਰ ਫੇਲ ਹੋਣ ''ਤੇ ਵਿਦਿਆਰਥੀ ਨੇ ਲਿਆ ਫਾਹਾ

Friday, Jun 30, 2017 - 04:10 AM (IST)

10ਵੀਂ ਦੀ ਪ੍ਰੀਖਿਆ ''ਚੋਂ 2 ਵਾਰ ਫੇਲ ਹੋਣ ''ਤੇ ਵਿਦਿਆਰਥੀ ਨੇ ਲਿਆ ਫਾਹਾ

ਲੁਧਿਆਣਾ(ਮਹੇਸ਼)-10ਵੀਂ ਦੀ ਪ੍ਰੀਖਿਆ ਵਿਚ 2 ਵਾਰ ਫੇਲ ਹੋਣ ਤੋਂ ਪ੍ਰੇਸ਼ਾਨ 17 ਸਾਲਾ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਹਸਨਪ੍ਰੀਤ ਦੀ ਲਾਸ਼ ਵੀਰਵਾਰ ਦੁਪਹਿਰ ਨੂੰ ਉਸ ਦੇ ਘਰ ਵਿਚ ਲਟਕਦੀ ਹੋਈ ਮਿਲੀ। ਬਸਤੀ ਜੋਧੇਵਾਲ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਕੇ ਕੇਸ ਦੀ ਛਾਣਬੀਨ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਸਵਰਣ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਸੂਚਨਾ ਮਿਲੀ ਕਿ ਟਿੱਬਾ ਰੋਡ ਇਲਾਕੇ ਵਿਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ, ਜਿਸ 'ਤੇ ਉਹ ਫੌਰਨ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਪਿਛਲੇ ਸਾਲ ਵੀ ਹਸਨਪ੍ਰੀਤ 10ਵੀਂ 'ਚੋਂ ਫੇਲ ਹੋ ਗਿਆ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰਾਈਵੇਟ ਦਾਖਲਾ ਦੁਆ ਦਿੱਤਾ। ਇਸ ਵਾਰ ਵੀ ਉਹ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਇਸ ਗੱਲ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਸੀ। ਅੱਜ ਉਸ ਦੀ ਮਾਤਾ ਮਾਲੇਰਕੋਟਲਾ ਬਾਬੇ ਦੀ ਦਰਗਾਹ 'ਤੇ ਮੱਥਾ ਟੇਕਣ ਗਈ ਹੋਈ ਸੀ। ਘਰ ਵਿਚ ਉਸ ਤੋਂ ਇਲਾਵਾ ਉਸ ਦੀ 8 ਸਾਲ ਦੀ ਭੈਣ ਸੀ। ਜਦੋਂ ਉਹ ਬਾਹਰ ਖੇਡਣ ਚਲੀ ਗਈ ਤਾਂ ਹਸਨਪ੍ਰੀਤ ਨੇ ਪਿੱਛੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਕੁਝ ਦੇਰ ਬਾਅਦ ਜਦੋਂ ਉਹ ਪਰਤ ਕੇ ਘਰ ਆਈ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਚੀਕਦੀ ਹੋਈ ਬਾਹਰ ਵੱਲ ਭੱਜੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ, ਜਿਨ੍ਹਾਂ ਨੇ ਉਸ ਦੀ ਮਾਤਾ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸਵਰਣ ਨੇ ਦੱਸਿਆ ਕਿ ਹਸਨਪ੍ਰੀਤ ਦਾ ਪਿਤਾ ਬਲਵੀਰ ਸਿੰਘ ਟਰੱਕ ਡਰਾਈਵਰ ਹੈ ਅਤੇ ਘਟਨਾ ਸਮੇਂ ਉਹ ਵੀ ਕੰਮ 'ਤੇ ਗਿਆ ਹੋਇਆ ਸੀ।


Related News