ਗੁਰਦਾਸਪੁਰ: ਜ਼ਮਾਨਤ ਮਿਲਣ ਦੇ ਬਾਅਦ ਸੁੱਚਾ ਸਿੰਘ ਲੰਗਾਹ ਫਿਰ ਤੋਂ ਕੋਰਟ 'ਚ ਹੋਏ ਪੇਸ਼

Monday, Mar 26, 2018 - 04:31 PM (IST)

ਗੁਰਦਾਸਪੁਰ: ਜ਼ਮਾਨਤ ਮਿਲਣ ਦੇ ਬਾਅਦ ਸੁੱਚਾ ਸਿੰਘ ਲੰਗਾਹ ਫਿਰ ਤੋਂ ਕੋਰਟ 'ਚ ਹੋਏ ਪੇਸ਼

ਗੁਰਦਾਸਪੁਰ (ਵਿਨੋਦ)— ਬਲਾਤਕਾਰ, ਫਿਰੌਤੀ ਅਤੇ ਧੋਖਾਧੜੀ ਦੇ ਦੋਸ਼ਾਂ 'ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਅਦ ਸੋਮਵਾਰ ਨੂੰ ਫਿਰ ਤੋਂ ਤਿੰਨ ਗਵਾਹਾਂ ਸਮੇਤ ਗੁਰਦਾਸਪੁਰ ਕੋਰਟ 'ਚ ਪੇਸ਼ ਕੀਤਾ ਗਿਆ। ਜ਼ਮਾਨਤ ਮਿਲਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਲੰਗਾਹ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਅਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਸੰਪਰਕ ਨਹੀਂ ਰੱਖਣਗੇ। 
ਪੇਸ਼ੀ ਲਈ ਆਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਲੰਗਾਹ ਨੇ ਕਿਹਾ ਕਿ ਉਹ ਇਕ ਸਿੱਖ ਹਨ ਅਤੇ ਉਨ੍ਹਾਂ ਲਈ ਸ੍ਰੀ ਅਕਾਤ ਤਖਤ ਸਰਵ ਉੱਚ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਵੱਲੋਂ ਸਮਾਂ ਦਿੱਤਾ ਜਾਵੇਗਾ ਤਾਂ ਉਹ ਹੁਣ ਅਕਾਲ ਤਖਤ 'ਤੇ ਨਤਮਸਤਕ ਹੋਣਗੇ। ਉਥੇ ਹੀ ਪੇਸ਼ੀ ਦੌਰਾਨ ਵੱਡੀ ਗਿਣਤੀ 'ਚ ਸਥਾਨਕ ਅਕਾਲੀ ਨੇਤਾ ਉਸ ਦੇ ਨਾਲ ਦੇਖਣ ਨੂੰ ਮਿਲੇ ਅਤੇ ਲੰਗਾਹ ਨੇ ਕਿਹਾ ਕਿ ਲੋਕਾਂ ਦਾ ਸਾਥ ਸੀ ਅਤੇ ਹੁਣ ਵੀ ਹੈ। ਅਗਲੀ ਸੁਣਵਾਈ ਅਦਾਲਤ ਵੱਲੋਂ 9 ਅਪ੍ਰੈਲ ਨੂੰ ਕੀਤੀ ਜਾਵੇਗੀ। 

PunjabKesari

ਦੱਸਣਯੋਗ ਹੈ ਕਿ ਵਧੀਕ ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਮਾਨਯੋਗ ਪ੍ਰੇਮ ਕੁਮਾਰ ਦੀ ਅਦਾਲਤ 'ਚ ਅੱਜ ਪੁਲਸ ਨੇ ਜੋ ਤਿੰਨ ਗਵਾਹਾਂ ਦੇ ਬਿਆਨ ਦਰਜ ਕਰਵਾਏ, ਉਨ੍ਹਾਂ 'ਚ ਪੁਲਸ ਇੰਸਪੈਕਟਰ ਗੁਰਦੀਪ ਸਿੰਘ (ਜਦ ਕੇਸ ਦਰਜ਼ ਹੋਇਆ ਅਤੇ ਸਿਟੀ ਪੁਲਸ ਸਟੇਸਨ ਇੰਚਾਰਜ਼ ਸੀ) ਡਾ. ਮਨਜੀਤ ਸਿੰਘ ਬੱਬਰ ਅਤੇ ਜਿਸ ਫਲੈਟ 'ਚ ਬਲਾਤਕਾਰ ਹੋਣ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਸੀ ਉਸ ਫਲੈਟ ਦਾ ਮਾਲਕ ਜਗਦੇਵ ਸਿੰਘ ਸ਼ਾਮਲ ਹਨ।
ਅੱਜ ਵੀ ਇਨ੍ਹਾਂ ਤਿੰਨਾਂ ਗਵਾਹਾਂ ਦੇ ਬਿਆਨ ਬੰਦ ਅਦਾਲਤ 'ਚ ਹੋਏ ਅਤੇ ਕਿਸੇ ਨੂੰ ਅਦਾਲਤ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਗਿਆ। ਤਿੰਨ ਗਵਾਹਾਂ ਨੇ ਪੁਲਸ ਰਿਕਾਰਡ ਅਨੁਸਾਰ ਹੀ ਗਵਾਹੀ ਦਿੱਤੀ ਅਤੇ ਫਲੈਟ ਮਾਲਕ ਨੇ ਵੀ ਪਹਿਲਾਂ ਦਿੱਤੇ ਬਿਆਨ ਅਨੁਸਾਰ ਕਿਹਾ ਕਿ ਫਲੈਟ ਉਸ ਤੋਂ ਸ਼ਿਕਾਇਤਕਰਤਾ ਮਹਿਲਾ ਨੇ ਕਿਰਾਏ 'ਤੇ ਲੈ ਰੱਖਿਆ ਸੀ। ਮਾਨਯੋਗ ਜੱਜ ਨੇ ਅਗਲੀ ਪੇਸ਼ੀ ਦੇ ਲਈ 9 ਅਪ੍ਰੈਲ ਮਿਤੀ ਨਿਰਧਾਰਿਤ ਕੀਤੀ ਹੈ। 
ਕੀ ਹੈ ਇਹ ਮਹਤੱਵਪੂਰਨ ਕੇਸ? 
ਵਿਜੀਲੈਂਸ ਵਿਭਾਗ ਪਠਾਨਕੋਟ 'ਚ ਤਾਇਨਾਤ ਵਿਧਵਾ ਮਹਿਲਾ ਨੇ 28 ਸਤੰਬਰ 2017 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਦੇ ਸੰਪਰਕ 'ਚ ਸਾਲ 2009 'ਚ ਆਈ ਸੀ, ਜਦ ਉਸ ਦੇ ਪਤੀ ਜੋ ਇਕ ਪੁਲਸ ਕਰਮਚਾਰੀ ਸੀ, ਦੀ ਮੌਤ ਹੋ ਗਈ ਸੀ। ਉਦੋਂ ਲੰਗਾਹ ਨੇ ਆਪਣੀ ਰਾਜਨੀਤਿਕ ਪਹੁੰਚ ਨਾਲ ਉਕਤ ਔਰਤ ਨੂੰ ਨੌਕਰੀ ਦਿਵਾਈ ਸੀ। ਉਦੋਂ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨਾਲ ਉਸ ਦੀ ਮਰਜੀ ਦੇ ਵਿਰੁੱਧ ਬਲਾਤਕਾਰ ਕਰਦਾ ਰਿਹਾ ਅਤੇ ਇਹ ਸਭ ਮਈ 2017 ਤੱਕ ਜਾਰੀ ਰਿਹਾ। ਸ਼ਿਕਾਇਤ 'ਚ ਇਹ ਵੀ ਲਿਖਿਆ ਸੀ ਕਿ ਹੁਣ ਪਾਣੀ ਸਿਰ ਤੋਂ ਉਪਰ ਤੋਂ ਨਿਕਲਣ ਲੱਗਾ ਸੀ ਅਤੇ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੰਦਾ ਸੀ ਅਤੇ ਹੁਣ ਵੀ ਲੰਗਾਹ ਉਸ ਨੂੰ ਧਮਕੀਆਂ ਦੇ ਕੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦਾ ਹੈ। ਉਦੋਂ ਬਿਆਨ 'ਚ ਔਰਤ ਨੇ ਕਿਹਾ ਸੀ ਕਿ ਇਸੇ ਕਾਰਨ ਉਸ ਨੇ ਇਸ ਸਬੰਧੀ ਇਕ ਵੀਡੀਓ ਵੀ ਤਿਆਰ ਕੀਤੀ।
ਸ਼ਿਕਾਇਤਕਰਤਾ ਔਰਤ ਨੇ ਉਦੋਂ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨੂੰ ਕਦੀ-ਕਦੀ ਚੰਡੀਗੜ੍ਹ ਵੀ ਲੈ ਜਾਂਦਾ ਸੀ ਅਤੇ ਜ਼ਿਲਾ ਗੁਰਦਾਸਪੁਰ 'ਚ ਵੀ ਬੁਲਾਉਦਾ ਰਹਿੰਦਾ ਸੀ, ਜਿਸ ਕਾਰਨ ਉਹ ਲੰਗਾਹ ਤੋਂ ਛੁਟਕਾਰਾ ਪਾਉਣ 'ਚ ਅਸਫਲ ਸੀ। ਉਸ ਨੇ ਅੱਗੇ ਦੱਸਿਆ ਕਿ ਲੰਗਾਹ ਦਾ ਕਹਿਣਾ ਨਾ ਮੰਨਣ 'ਤੇ ਉਸ ਨੂੰ ਉਸ ਵੱਲੋਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਕਾਰਨ ਸ਼ਿਕਾਇਤ ਪੱਤਰ ਦੇਣਾ ਜ਼ਰੂਰੀ ਹੋ ਗਿਆ। ਉਦੋਂ ਜ਼ਿਲਾ ਪੁਲਸ ਮੁਖੀ ਨੇ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਦਾ ਕੰਮ ਡੀ. ਐੱਸ. ਪੀ. ਆਜ਼ਾਦ ਦਵਿੰਦਰ ਸਿੰਘ ਅਤੇ ਇੰਸਪੈਕਟਰ ਸੀਮਾ ਦੇਵੀ ਨੂੰ ਸੌਂਪੀ ਗਈ ਅਤੇ ਇਨ੍ਹਾਂ ਦੋਹਾਂ ਦੀ ਜਾਂਚ ਰਿਪੋਰਟ ਮਿਲਣ ਦੇ ਬਾਅਦ ਕਾਨੂੰਨੀ ਰਾਏ ਲੈਣ ਦੇ ਵਿਰੁੱਧ ਲੰਗਾਹ ਦੇ ਵਿਰੁੱਧ ਧਾਰਾ 376,384,420 ਅਤੇ 506 ਅਧੀਨ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਐੱਫ. ਆਈ. ਆਰ. ਨੰਬਰ 168 ਮਿਤੀ 29-9-17 ਦਰਜ ਕੀਤੀ ਗਈ ਸੀ। ਉਦੋਂ ਸ਼ਿਕਾਇਤਕਰਤਾ ਮਹਿਲਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਸੀ ਅਤੇ ਸ਼ਿਕਾਇਤਕਰਤਾ ਦੀ ਮੰਗ 'ਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਪਰ ਉਕਤ ਸ਼ਿਕਾਇਤਕਰਤਾ ਮਹਿਲਾ 28 ਫਰਵਰੀ ਨੂੰ ਆਪਣੇ ਅਦਾਲਤ 'ਚ ਹੋਏ ਬਿਆਨਾਂ 'ਚ ਆਪਣੇ ਪਹਿਲਾ ਦਿੱਤੇ ਬਿਆਨ ਤੋਂ ਪਲਟ ਗਈ ਸੀ, ਜਿਸ ਤੋਂ ਬਾਅਦ  ਲੰਗਾਹ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ।  


Related News