ਲੰਗਾਹ ਨੂੰ ਅਦਾਲਤ ''ਚ ਪੇਸ਼ ਨਾ ਕਰਨ ਵਾਲੇ ਪੁਲਸ ਅਫਸਰ ਨੂੰ ਝਾੜ

Wednesday, Jan 31, 2018 - 11:07 AM (IST)

ਲੰਗਾਹ ਨੂੰ ਅਦਾਲਤ ''ਚ ਪੇਸ਼ ਨਾ ਕਰਨ ਵਾਲੇ ਪੁਲਸ ਅਫਸਰ ਨੂੰ ਝਾੜ

ਪਟਿਆਲਾ : ਬਲਾਤਕਾਰ ਦੇ ਮਾਮਲੇ 'ਚ ਕੇਂਦਰੀ ਜੇਲ 'ਚ ਬੰਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 24 ਜਨਵਰੀ ਨੂੰ ਪੇਸ਼ੀ ਲਈ ਅਦਾਲਤ 'ਚ ਨਹੀਂ ਲਿਜਾਇਆ ਗਿਆ, ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਗੁਰਦਾਸਪੁਰ ਦੀ ਹੇਠਲੀ ਅਦਾਲਤ ਨੇ ਜੇਲ ਸੁਪਰੀਡੈਂਟ ਰਾਜਨ ਕਪੂਰ ਨੂੰ ਝਾੜ ਲਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਇਕ ਫਰਵਰੀ ਨੂੰ ਨਿਜੀ ਤੌਰ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ ਅਤੇ ਉਸੇ ਦਿਨ ਹੀ ਲੰਗਾਹ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਹੈ। ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਨੇ ਪਟਿਆਲਾ ਜੇਲ ਪੁੱਜੇ ਹੁਕਮਾਂ 'ਚ ਕਿਹਾ ਹੈ ਕਿ 24 ਜਨਵਰੀ ਨੂੰ ਸੁਣਵਾਈ ਦੌਰਾਨ ਜੇਲ ਪ੍ਰਸ਼ਾਸਨ ਨੇ ਸੁੱਚਾ ਸਿੰਘ ਲੰਗਾਹ ਨੂੰ ਨਾ ਤਾਂ ਨਿੱਜੀ ਤੌਰ 'ਤੇ ਅਤੇ ਨਾ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਕੀਤਾ। ਹਾਲਾਂਕਿ ਜੇਲ ਪ੍ਰਸ਼ਾਸਨ ਨੇ ਲੰਗਾਹ ਦੇ ਬੀਮਾਰ ਹੋਣ ਸਬੰਧੀ ਸਰਟੀਫਿਕੇਟ ਅਦਾਲਤ 'ਚ ਪਹੁੰਚਾ ਦਿੱਤਾ। ਇਨ੍ਹਾਂ ਦਸਤਾਵੇਜ਼ਾਂ 'ਤੇ ਗੈਰ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਮੁਲਜ਼ਮ ਨੂੰ ਲਾਭ ਪਹੁੰਚਾਏ ਜਾਣ ਦੀ ਸੰਭਾਵਨਾ ਜ਼ਾਹਰ ਕਰਦਿਆਂ ਅਦਾਲਤ ਨੇ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ 2 ਦਿਨ ਪਹਿਲਾਂ ਸੁੱਚਾ ਸਿੰਘ ਲੰਗਾਹ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਸੀ। 


Related News