ਲੰਗਾਹ ਨੂੰ ''ਸੁੱਚਾ'' ਕਰਨ ''ਤੇ ਬਵਾਲ, ਭੜਕੇ ਭਾਈ ਮਾਝੀ ਨੇ ਸੁਖਬੀਰ ਤੇ ਮਜੀਠੀਆ ''ਤੇ ਦਿੱਤਾ ਵੱਡਾ ਬਿਆਨ

Tuesday, Aug 04, 2020 - 06:31 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬੱਜਰ ਕੁਰਹਿਤ ਕਰਨ ਕਰਕੇ ਪੰਥ 'ਚੋਂ ਛੇਕੇ ਗਏ ਸੁੱਚਾ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਮੁੜ ਅੰਮ੍ਰਿਤ ਛਕਾਉਣ ਦੇ ਮਾਮਲੇ 'ਚ ਉੱਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੱਥ ਦੱਸਦੇ ਹੋਏ ਲੰਗਾਹ ਤੇ ਸੁਖਬੀਰ ਬਾਦਲ ਨੂੰ ਭੰਡਿਆ ਹੈ। ਭਾਈ ਮਾਝੀ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੈਲੇਂਜ ਕਰਦੇ ਹੋਏ ਨਵਾਂ ਚੰਨ ਚਾੜ੍ਹਿਆ ਹੈ। ਭਾਈ ਮਾਝੀ ਨੇ ਕਿਹਾ ਕਿ ਬਾਦਲਾਂ ਦੇ ਚਹੇਤੇ ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖਤ ਨੂੰ ਚੈਲੇਂਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਦੀਆਂ ਬੀਤੇ ਦਿਨੀਂ ਇਤਰਾਜ਼ਯੋਗ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਵਲੋਂ ਇਸ ਨੂੰ ਪੰਥ 'ਚੋਂ ਛੇਕਿਆ ਗਿਆ ਸੀ ਪਰ ਹੁਣ ਪੰਜ ਪਿਆਰਿਆਂ ਵਲੋਂ ਅਕਾਲ ਤਖਤ ਸਾਹਿਬ ਨੂੰ ਪਛਾਂਹ ਕਰਕੇ ਇਸ ਨੂੰ ਅੰਮ੍ਰਿਤ ਛਕਾਅ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਤਰਾਸਦੀ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਰਕਾਰ ਨੂੰ ਚਿਤਾਵਨੀ

ਭਾਈ ਮਾਝੀ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਲੋਂ ਪਹਿਲਾਂ ਇਸ ਨੂੰ ਮੁਆਫ਼ੀ ਲਈ ਤਿਆਰ ਕੀਤਾ ਗਿਆ, ਜਿਸ ਦੇ ਚੱਲਦੇ ਲੰਗਾਹ ਨੂੰ ਚੁੱਪ-ਚੁਪੀਤੇ ਅੰਮ੍ਰਿਤ ਛਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਦਲਾਂ ਵਲੋਂ ਸਿਰਸਾ ਡੇਰਾ ਮੁਖੀ ਨੂੰ ਬਿਨਾਂ ਮੰਗਿਆਂ ਮੁਆਫੀ ਦਿੱਤੀ ਗਈ ਸੀ, ਉਹੀ ਕੁਝ ਹੁਣ ਕੀਤਾ ਜਾ ਰਿਹਾ ਹੈ। 

PunjabKesari

ਕੀ ਸੀ ਮਾਮਲਾ

ਦਰਅਸਲ, ਸੁੱਚਾ ਲੰਗਾਹ ਨੇ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ, ਜਿਸ 'ਤੇ ਨਿਹੰਗ ਸਿੰਘ ਪੰਜ ਪਿਆਰਿਆਂ ਨੇ ਉਨ੍ਹਾਂ ਦੀ ਮੁਆਫੀ ਮਨਜ਼ੂਰ ਕਰਦਿਆਂ ਸਿੱਖ ਧਰਮ ਦੀ ਵਿਧੀ ਵਿਧਾਨ ਮੁਤਾਬਿਕ ਲੰਗਾਹ ਨੂੰ ਮੁੜ ਅੰਮ੍ਰਿਤ ਛਕਾਇਆ ਅਤੇ ਤਨਖਾਹ ਵਜੋਂ ਲੰਗਾਹ ਨੂੰ 21 ਦਿਨ ਰੋਜ਼ਾਨਾ ਇਕ-ਇਕ ਘੰਟਾ ਦਰਬਾਰ ਸਾਹਿਬ 'ਚ ਝਾੜੂ ਮਾਰਨ, ਬਰਤਨ ਸਾਫ ਕਰਨ ਦੀ ਸੇਵਾ ਲਗਾਈ ਗਈ ਜਦਕਿ ਪੰਥਕ ਮਰਿਆਦਾ ਅਨੁਸਾਰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰੇ ਹੀ ਪੰਛ 'ਚੋਂ ਛੇਕੇ ਵਿਅਕਤੀ ਨੂੰ ਅੰਮ੍ਰਿਤ ਛਕਾ ਕੇ ਮੁੜ ਪੰਥ 'ਚ ਸ਼ਾਮਲ ਕਰ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਨੂੰ ਦਰਕਿਨਾਰ ਕਰਕੇ ਲੰਗਾਹ ਵਲੋਂ ਮੁੜ ਅੰਮ੍ਰਿਤ ਛਕਣ ਪਿੱਛੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੁਖਬੀਰ ਬਾਦਲ ਦਾ ਹੱਥ ਦੱਸਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਯੁੱਧਿਆ 'ਚ ਰਾਮ ਮੰਦਿਰ ਦੇ ਨਿਰਮਾਣ ਲਈ ਮਿਲਿਆ ਸੱਦਾ

ਕੀ ਕਹਿਣਾ ਅਕਾਲੀ ਦਲ ਦਾ

ਦੂਜੇ ਪਾਸੇ ਅਕਾਲੀ ਦਲ ਨੇ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਇਸ ਨੂੰ ਕਾਂਗਰਸ ਦੀ ਚਾਲ ਦੱਸਿਆ ਹੈ ਅਤੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਧਰ ਲੰਗਾਹ ਨੂੰ ਅੰਮ੍ਰਿਤ ਛਕਾਉਣ ਵਾਲੇ ਨਿਹੰਗ ਆਗੂ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹੋਰ ਗੁਰਸਿੱਖਾਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਸੀ। ਸੁੱਚਾ ਲੰਗਾਹ ਨੇ ਵੀ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ, ਲਿਹਾਜ਼ਾ ਉਨ੍ਹਾਂ ਉਸ ਨੂੰ ਵੀ ਅੰਮ੍ਰਿਤ ਛਕਾ ਦਿੱਤਾ। 

ਇਹ ਵੀ ਪੜ੍ਹੋ : ਨਹਿਰ 'ਚ ਪਤੀ-ਪਤਨੀ ਦੀਆਂ ਲਾਸ਼ਾਂ ਦੇਖ ਕੇ ਕੰਬੇ ਲੋਕ, ਇੰਝ ਆਈ ਮੌਤ ਕਿ ਸੋਚਿਆ ਨਾ ਸੀ

ਸ੍ਰੀ ਅਕਾਲ ਤਖਤ ਨੇ ਕਿਉਂ ਛੇਕਿਆ ਸੀ ਪੰਥ 'ਚੋਂ

ਦੱਸ ਦੇਈਏ ਕਿ 2017 'ਚ ਸੁੱਚਾ ਸਿੰਘ ਲੰਗਾਹ ਦੀ ਇਕ ਕਥਿਤ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਸਨੂੰ ਪੰਥ 'ਚੋਂ ਛੇਕ ਦਿੱਤਾ ਗਿਆ ਸੀ ਤੇ ਕਾਨੂੰਨੀ ਕਾਰਵਾਈ ਵੀ ਹੋਈ ਹਾਲਾਂਕਿ ਇਸ ਮਾਮਲੇ 'ਚ ਅਦਾਲਤ ਨੇ ਲੰਗਾਹ ਨੂੰ ਬਰੀ ਕਰ ਦਿੱਤਾ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲੰਗਾਹ ਨੂੰ ਮੁਆਫੀ ਨਹੀਂ ਦਿੱਤੀ ਗਈ। 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਲੰਗਾਹ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ ਪਰ ਉਸਨੂੰ ਨਾ ਤਾਂ ਮੁਆਫੀ ਮਿਲੀ ਅਤੇ ਨਾ ਹੀ ਸਿੱਖ ਪੰਥ 'ਚ ਸ਼ਾਮਲ ਕੀਤਾ ਗਿਆ ਪਰ ਹੁਣ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਰਕਿਨਾਰ ਕਰਦਿਆਂ ਆਪਣੇ ਆਪ 'ਸੁੱਚਾ' ਹੋਣ ਦੀ ਕੋਸ਼ਿਸ਼ ਕੀਤੀ ਹੈ।


author

Gurminder Singh

Content Editor

Related News