ਆਪਣੇ ਹੀ ਸਕੂਲਾਂ ''ਚ ਬਣੇ ਕੇਂਦਰਾਂ ''ਚ ਪ੍ਰੀਖਿਆ ਨਹੀਂ ਦੇ ਸਕਣਗੇ ਵਿਦਿਆਰਥੀ

01/10/2018 7:13:56 AM

ਲੁਧਿਆਣਾ  (ਵਿੱਕੀ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਦੀ ਲਈ ਜਾਣ ਵਾਲੀ ਸਾਲਾਨਾ ਪ੍ਰੀਖਿਆ 'ਚ ਇਸ ਵਾਰ ਤੋਂ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਦੂਜਿਆਂ ਸਕੂਲਾਂ 'ਚ ਬਣਨ ਵਾਲੇ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣੀ ਹੋਵੇਗੀ, ਜਿਥੇ ਸਕੂਲਾਂ 'ਚ ਖੁਦ ਬੋਰਡ ਦੇ ਪ੍ਰੀਖਿਆ ਕੇਂਦਰ ਬਣਾਏ ਜਾਂਦੇ ਹਨ, ਮਤਲਬ ਸੈਲਫ ਸਕੂਲ ਦੇ ਵਿਦਿਆਰਥੀ ਦੂਜੇ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣਗੇ। ਬੋਰਡ ਨੇ ਇਸ ਵਾਰ ਪ੍ਰੀਖਿਆ ਨੀਤੀ 'ਚ ਬਦਲਾਅ ਕਰਦਿਆਂ ਇਹ ਕਦਮ ਚੁੱਕਿਆ ਹੈ। ਇਸ ਫੈਸਲੇ ਤਹਿਤ ਹੁਣ ਜਿਹੜੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਦੇ ਹਨ, ਉਨ੍ਹਾਂ ਦੇ ਆਪਣੇ ਵਿਦਿਆਰਥੀ ਉਸ ਕੇਂਦਰ 'ਚ ਪ੍ਰੀਖਿਆ ਨਹੀਂ ਦੇ ਸਕਣਗੇ। ਹਾਲਾਂਕਿ ਕਈ ਸਕੂਲ ਐਸੋਸੀਏਸ਼ਨਾਂ ਨੇ ਬੋਰਡ ਦੇ ਇਸ ਫੈਸਲੇ ਨੂੰ ਵਾਪਸ ਲੈਣ ਸਬੰਧੀ ਮੰਗ ਪੱਤਰ ਵੀ ਦਿੱਤੇ ਹਨ।
ਬੋਰਡ ਨੇ ਡੀ. ਈ. ਓਜ਼ ਨੂੰ ਭੇਜੀ ਪ੍ਰੀਖਿਆ ਕੇਂਦਰਾਂ ਦੀ ਸੂਚੀ
ਪੀ. ਐੱਸ. ਈ. ਬੀ. ਨੇ ਸੂਬੇ ਦੇ ਸਕੂਲਾਂ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਉਨ੍ਹਾਂ ਦੇ ਜ਼ਿਲੇ 'ਚ ਬਣਨ ਵਾਲੇ ਪ੍ਰੀਖਿਆ ਕੇਂਦਰਾਂ ਦੀ ਸੂਚੀ ਮੁਹੱਈਆ ਕਰਵਾਈ ਹੈ, ਜਿਸ ਤਹਿਤ ਹੁਣ ਡੀ. ਈ. ਓਜ਼ ਨੂੰ ਇਸ ਸੂਚੀ ਨੂੰ ਕਲੱਸਟਰ ਵਾਈਜ਼ ਕਰ ਕੇ ਭੇਜਿਆ ਜਾਵੇਗਾ। ਬੋਰਡ ਮੁਤਾਬਕ ਜੇਕਰ ਕਲੱਸਟਰ ਵੱਡਾ ਹੈ ਤਾਂ ਇਸ ਦੇ ਦੋ ਬਲਾਕ ਬਣਾਉਣ ਦੇ ਨਿਰਦੇਸ਼ ਡੀ. ਈ. ਓਜ਼ ਨੂੰ ਦਿੱਤੇ ਗਏ ਹਨ। ਬੋਰਡ ਦਾ ਪੱਤਰ ਜਾਰੀ ਹੁੰਦੇ ਹੀ ਵੱਖ-ਵੱਖ ਜ਼ਿਲਿਆਂ 'ਚ ਪ੍ਰੀਖਿਆ ਕੇਂਦਰਾਂ ਨੂੰ ਕਲੱਸਟਰ ਵਾਈਜ਼ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜ਼ਿਲਾ ਪੱਧਰ ਤੋਂ ਬੋਰਡ ਨੂੰ ਇਹ ਸੂਚੀਆਂ ਬਣਾ ਕੇ ਇਕ ਹਫਤੇ 'ਚ ਭੇਜੀਆਂ ਜਾਣੀਆਂ ਹਨ, ਜਿਸ ਤੋਂ ਬਾਅਦ ਬੋਰਡ ਕਲੱਸਟਰ ਪੱਧਰ 'ਤੇ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਦੇ ਕਾਰਜ ਨੂੰ ਅਮਲੀਜਾਮਾ ਪਹਿਨਾਵੇਗਾ।
70 ਫੀਸਦੀ ਸਰਕਾਰੀ ਤੇ 30 ਫੀਸਦੀ ਐਫੀਲੀਏਟਿਡ ਸਕੂਲਾਂ ਦਾ ਹੋਵੇਗਾ ਸਟਾਫ
ਬੋਰਡ ਨੇ ਇਕ ਹੋਰ ਫੈਸਲਾ ਲੈਂਦੇ ਹੋਏ ਇਸ ਵਾਰ ਤੋਂ ਪ੍ਰੀਖਿਆ ਕੇਂਦਰਾਂ 'ਚ ਐਫੀਲੀਏਟਿਡ ਸਕੂਲਾਂ ਦੇ ਸਟਾਫ ਦੀ ਡਿਊਟੀ ਵੀ ਲਾਉਣੀ ਹੈ। ਫੈਸਲੇ ਮੁਤਾਬਕ 70 ਫੀਸਦੀ ਸਟਾਫ ਸਰਕਾਰੀ ਤੇ 30 ਫੀਸਦੀ ਸਟਾਫ ਐਫੀਲੀਏਟਿਡ ਸਕੂਲਾਂ ਤੋਂ ਲਾਇਆ ਜਾਵੇਗਾ। ਇਸ ਦੇ ਲਈ ਬੋਰਡ ਨੇ ਅਧਿਆਪਕਾਂ ਦਾ ਪੈਨਲ ਈ-ਪੰਜਾਬ ਪੋਰਟਲ ਤੋਂ ਲਿਆ ਹੈ। ਐਫੀਲੀਏਟਿਡ ਸਕੂਲਾਂ ਦੇ ਸਟਾਫ ਦੀ ਡਿਊਟੀ ਲਾਉਣ ਲਈ ਬੋਰਡ ਨੇ ਸਬੰਧਤ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਪੂਰੀ ਹੋਣ ਤੋਂ ਇਲਾਵਾ 5 ਸਾਲ ਤੋਂ ਜ਼ਿਆਦਾ ਸਰਵਿਸ ਦੀ ਸ਼ਰਤ ਵੀ ਰੱਖੀ ਹੈ। ਇਥੇ ਹੀ ਬਸ ਨਹੀਂ, ਜਿਸ ਐਫੀਲੀਏਟਿਡ ਸਕੂਲ ਦਾ ਸਟਾਫ ਪ੍ਰੀਖਿਆ ਕੇਂਦਰ 'ਚ ਡਿਊਟੀ 'ਤੇ ਲਾਇਆ ਜਾਣਾ ਹੈ, ਉਸ ਸਕੂਲ ਵਲੋਂ ਘੱਟ ਤੋਂ ਘੱਟ 5 ਸਾਲ ਪਹਿਲਾਂ ਐਫੀਲੀਏਸ਼ਨ ਲਈ ਗਈ ਹੋਣੀ ਚਾਹੀਦੀ ਹੈ।
31 ਮਾਰਚ ਤੱਕ ਰਿਟਾਇਰ ਹੋਣ ਵਾਲਿਆਂ ਦੀ ਨਹੀਂ ਲੱਗੇਗੀ ਡਿਊਟੀ
ਬੋਰਡ ਵਲੋਂ ਜਾਰੀ ਨਿਰਦੇਸ਼ਾਂ 'ਚ 31 ਮਾਰਚ 2018 ਤੱਕ ਰਿਟਾਇਰ ਹੋਣ ਵਾਲੇ ਅਧਿਆਪਕਾਂ ਤੋਂ ਇਲਾਵਾ ਹੈਂਡੀਕੈਪਡ ਅਤੇ ਡੀ-ਬਾਰ ਅਧਿਆਪਕਾਂ ਦੀ ਡਿਊਟੀ ਪ੍ਰੀਖਿਆ ਕੇਂਦਰਾਂ 'ਚ ਨਾ ਲਾਉਣ ਲਈ ਕਿਹਾ ਗਿਆ ਹੈ। ਬੋਰਡ ਮੁਤਾਬਕ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਪਿਊਟਰ ਸੈੱਲ ਵਲੋਂ ਜ਼ਿਲਾ ਸਿੱਖਿਆ ਅਧਿਕਾਰੀ ਦੇ ਸਹਿਯੋਗ ਲਈ ਬੋਰਡ ਵਲੋਂ ਡੀ. ਈ. ਓ. ਪੋਰਟਲ ਨੋਟਿਸ ਬੋਰਡ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿਚ ਬੋਰਡ ਵਲੋਂ ਹਦਾਇਤਾਂ ਤੇ ਆਦੇਸ਼ ਭੇਜੇ ਜਾਣਗੇ।


Related News