ਆਪਸ ''ਚ ਭਿੜੇ ਸਕੂਲ ਦੇ ਵਿਦਿਆਰਥੀ, ਲਾਹੀਆਂ ਦਸਤਾਰਾਂ (ਤਸਵੀਰਾਂ)
Sunday, Oct 20, 2019 - 12:20 PM (IST)

ਸ੍ਰੀ ਮੁਕਤਸਰ ਸਾਹਿਬ (ਸੰਧਿਆ)— ਸਥਾਨਕ ਸ਼ਹਿਰ ਦੇ ਬਠਿੰਡਾ ਰੋਡ 'ਤੇ ਸ਼ਹਿਰੀ ਖੇਤਰ 'ਚ ਸਥਿਤ ਇਕ ਨਿੱਜੀ ਸਕੂਲ ਦੇ 11ਵੀਂ ਜਮਾਤ (ਕਮਰਸ) ਦੇ ਦੋ ਵਿਦਿਆਰਥੀ ਛੁੱਟੀ ਸਮੇਂ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਭਿੜ ਗਏ। ਇਹ ਲੜਾਈ ਇੰਨੀ ਵੱਧ ਗਈ ਕਿ ਦੋਹਾਂ ਵਿਦਿਆਰਥੀਆਂ ਨੇ ਇਕ ਦੂਜੇ ਦੀਆਂ ਪੱਗਾਂ ਉਤਾਰ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਕੇਸ ਖੁੱਲ੍ਹ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਨਿੱਜੀ ਸਕੂਲ ਦੇ ਮਾਲਕ ਅਤੇ ਪ੍ਰਿੰਸੀਪਲ ਨੇ ਮਹਿਜ਼ ਇਕ ਵਿਦਿਆਰਥੀ ਦੇ ਪਿਤਾ ਤੋਂ ਇਹ ਲਿਖਵਾ ਕੇ ਲਿਖਤੀ ਮੁਆਫੀਨਾਮਾ ਲਿਆ ਕਿ ਜੇਕਰ ਉਨ੍ਹਾਂ ਦੇ ਬੱਚੇ ਭਵਿੱਖ 'ਚ ਅਜਿਹੀ ਹਰਕਤ ਕਰਨਗੇ ਤਾਂ ਉਸ ਪ੍ਰਤੀ ਸਕੂਲ ਜਾਂ ਸਕੂਲ ਦੀਪ੍ਰਬੰਧਕੀ ਕਮੇਟੀ ਕੋਈ ਜ਼ਿੰਮੇਵਾਰ ਨਹੀਂ ਹੋਵੇਗੀ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਹਜ਼ਾਰਾ ਰੁਪਏ ਫੀਸਾਂ ਲੈਣ ਵਾਲੇ ਨਿੱਜੀ ਸਕੂਲ ਜ਼ਿੰਮੇਵਾਰੀਆਂ ਤੋਂ ਭੱਜਣਗੇ ਤਾਂ ਸਿੱਖਿਆ ਦੇ ਸਿਸਟਮ ਵਾਸਤੇ ਕੀ ਇਸ ਤੋਂ ਵੱਡੀ ਕੋਈ ਲਾਹਣਤ ਹੋ ਸਕਦੀ ਹੈ?
ਕੀ ਕਹਿਣਾ ਹੈ ਸਕੂਲ ਮੁਖੀ ਦਾ ?
ਇਸ ਮਾਮਲੇ 'ਚ ਨਿੱਜੀ ਸਕੂਲ ਦੇ ਮਾਲਿਕ ਅਤੇ ਪ੍ਰਿੰਸੀਪਲ ਰਕੇਸ਼ ਪਰੂਥੀ ਨੇ ਦੱਸਿਆ ਕਿ ਵਿਦਿਆਰਥੀ ਸਕੂਲ ਤੋਂ ਬਾਹਰ ਲੜੇ ਹਨ। ਜਿਸ ਪ੍ਰਤੀ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ। ਇਸ ਦੇ ਬਾਵਜੂਦ ਵੀ ਨੈਤਿਕ ਜ਼ਿੰਮੇਵਾਰੀ ਸਮਝਦੇ ਸਕੂਲ ਦੇ ਸਟਾਫ ਅਤੇ ਡੀ. ਪੀ. ਈ. ਸਮੇਤ ਉਨ੍ਹਾਂ ਖੁਦ ਪਹੁੰਚ ਕੇ ਮੌਕਾ ਦੇਖਿਆ ਤਾਂ ਕਿਸੇ ਵਿਦਿਆਰਥੀ ਦੀ ਦਸਤਾਰ ਨਹੀਂ ਉਤਰੀ ਸੀ। ਲੜਾਈ-ਝਗੜੇ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾਇਆ ਗਿਆ। ਲਿਖਤੀ ਮਾਫੀਨਾਮਾ ਦੇਣ ਉਪਰੰਤ ਹੀ ਵਿਦਿਆਰਥੀਆਂ ਨੂੰ ਦੋਬਾਰਾ ਸਕੂਲ ਆਉਣ ਦੀ ਆਗਿਆ ਦਿੱਤੀ ਗਈ।