12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀ ਤੇ ਮਾਪੇ ਪਰੇਸ਼ਾਨ, ਸਿੱਖਿਆ ਮੰਤਰੀ ਨੂੰ ਲਿਖਿਆ ਪੱਤਰ

02/23/2024 2:56:34 PM

ਲੁਧਿਆਣਾ (ਵਿੱਕੀ) : ਪੰਜਾਬ 'ਚ 12ਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਪੇਪਰ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਕ ਪੱਤਰ ਲਿਖਿਆ ਗਿਆ ਹੈ। ਇਸ 'ਚ 12ਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਪੇਪਰ ਨੂੰ ਲੈ ਕੇ ਚਰਚਾ ਕੀਤੀ ਗਈ ਹੈ, ਜੋ ਬੀਤੇ ਦਿਨ 22 ਫਰਵਰੀ ਨੂੰ ਲਿਆ ਗਿਆ ਸੀ। ਪੇਪਰ ਦੇਣ ਤੋਂ ਬਾਅਦ 12ਵੀਂ ਦੇ ਵਿਦਿਆਰਥੀਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਵਿਦਿਆਰਥੀ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਨਜ਼ਰ ਆਏ ਅਤੇ ਨਾਲ ਹੀ ਮਾਪੇ ਵੀ ਨਿਰਾਸ਼ ਦਿਖੇ।

ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਤੁਹਾਨੂੰ ਦੱਸ ਦੇਈਏ ਕਿ ਪੇਪਰ ਦਾ ਅਧਿਐਨ ਕਰਨ ਤੋਂ ਬਾਅਦ ਇਕ ਸਕੂਲ ਦੇ ਪ੍ਰਿੰਸੀਪਲ ਅਤੇ ਉਸ ਦੇ ਤਿੰਨ ਸਾਥੀ ਇਸ ਨਤੀਜੇ 'ਤੇ ਪੁੱਜੇ ਕਿ ਰਾਜਨੀਤੀ ਸ਼ਾਸਤਰ ਦਾ ਜੋ ਪੇਪਰ ਆਇਆ, ਉਹ ਕਿਸੇ ਵੀ ਤਰ੍ਹਾਂ ਵਿਦਿਆਰਥੀਆਂ ਦੇ ਪੱਧਰ ਦਾ ਨਹੀਂ ਸੀ।

ਉਹ ਕਾਲਜ ਅਤੇ ਯੂਨੀਵਰਸਿਟੀ ਦਾ ਪੇਪਰ ਲੱਗ ਰਿਹਾ ਸੀ, ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਉਕਤ ਵਿਸ਼ੇ 'ਤੇ 15 ਤੋਂ 20 ਅੰਕਾਂ ਦੇ ਗ੍ਰੇਸ ਮਾਰਕਿੰਗ ਦਿੱਤੀ ਜਾਵੇ ਤਾਂ ਜੋ ਬੱਚੇ ਪਾਸ ਹੋ ਸਕਣ ਅਤੇ ਉਨ੍ਹਾਂ ਦਾ ਪੂਰਾ ਸਾਲ ਖ਼ਰਾਬ ਨਾ ਹੋਵੇ। ਦੂਜੀ ਅਪੀਲ ਇਹ ਸੀ ਕਿ ਅਜਿਹੇ ਪੇਪਰ ਸੈਟਰ ਨੂੰ ਅੱਗੇ ਤੋਂ ਅਜਿਹੀ ਡਿਊਟੀ ਦੇਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਬੱਚੇ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਅਜਿਹੀ ਮਾਨਸਿਕ ਪਰੇਸ਼ਾਨੀ ਭਵਿੱਖ 'ਚ ਨਾ ਝੱਲਣੀ ਪਵੇ।
 


Babita

Content Editor

Related News