ਵਿਦਿਆਰਥੀਆਂ ਨੂੰ ਪ੍ਰਸ਼ਾਸਨ ਕਰਵਾਉਂਦੈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ
Wednesday, Jun 27, 2018 - 04:02 AM (IST)
ਲੁਧਿਆਣਾ(ਵਿੱਕੀ)-ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਡੀ. ਸੀ. ਪ੍ਰਦੀਪ ਅਗਰਵਾਲ ਵਲੋਂ ਸ਼ੁਰੂ ਕੀਤਾ ਗਿਆ 'ਯਤਨ' ਪ੍ਰਾਜੈਕਟ ਇਸ ਸਾਲ ਵੀ ਜਾਰੀ ਰਹੇਗਾ। ਪਿਛਲੇ ਸਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਦੇ ਸਾਹਮਣੇ ਆਏ ਹਾਂ-ਪੱਖੀ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਡੀ. ਸੀ. ਨੇ ਲਗਾਤਾਰ ਦੂਜੇ ਸਾਲ ਵੀ ਯਤਨ ਨੂੰ ਜਾਰੀ ਰੱਖਣ ਦਾ ਐੈਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਜ਼ਿਆਦਾਤਰ ਸਿਰਫ ਨਿੱਜੀ ਸਕੂਲਾਂ ਦੇ ਵਿਦਿਆਰਥੀ ਹੀ ਬੈਠਦੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿਖਲਾਈ ਅਤੇ ਮਾਰਗਦਰਸ਼ਨ ਤੋਂ ਵਾਂਝੇ ਹੋਣ ਕਾਰਨ ਇਨ੍ਹਾਂ ਪ੍ਰੀਖਿਆਵਾਂ 'ਚ ਬੈਠਣ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ 'ਚ ਪੈਦਾ ਹੋਈ ਇਸ ਦੂਰੀ ਨੂੰ ਦੂਰ ਕਰਨ ਲਈ ਜ਼ਿਲਾ ਪ੍ਰਸ਼ਾਸਨ ਦਾ ਯਤਨ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦੁਆਈ ਜਾਵੇ, ਜਿਸ ਨਾਲ ਉਹ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਸਕਣ।
10ਵੀਂ ਦੇ ਸਿਲੇਬਸ 'ਚੋਂ ਆਉਣਗੇ 50 ਸਵਾਲ
ਡੀ. ਸੀ. ਨੇ ਕਿਹਾ ਕਿ ਸਿਖਲਾਈ ਲਈ ਯੋਗ ਵਿਦਿਆਰਥੀਆਂ ਦੀ ਚੋਣ ਲਈ ਪ੍ਰੀਖਿਆ 9 ਜੁਲਾਈ ਨੂੰ ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਰਵਾਈ ਜਾਵੇਗੀ, ਜਿਸ ਵਿਚ 11ਵੀਂ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ। ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਨੂੰ 10ਵੀਂ ਕਲਾਸ ਦੇ ਪਾਠਕ੍ਰਮ ਦੇ ਆਧਾਰ 'ਤੇ ਸਵਾਲ ਆਉਣਗੇ ਜੋ ਕਿ ਬਹੁ-ਉੱਤਰੀ (ਮਲਟੀ ਚੁਆਇਸ) ਹੋਣਗੇ। ਇਸ ਪ੍ਰੀਖਿਆ ਦਾ ਨਤੀਜਾ 13 ਜੁਲਾਈ ਨੂੰ ਐਲਾਨਿਆ ਜਾਵੇਗਾ। ਵਿਦਿਆਰਥੀਆਂ ਦੀ ਚੋਣ ਲਈ ਤਹਿਸੀਲ ਪੱਧਰ ਨੂੰ ਯੂਨਿਟ ਬਣਾਇਆ ਗਿਆ ਹੈ।
ਸਾਰੀਆਂ ਸਬ-ਡਵੀਜ਼ਨਾਂ 'ਤੇ ਯਤਨ ਸ਼ੁਰੂ ਕਰਨ ਦੀ ਯੋਜਨਾ : ਸਵਾਤੀ ਟਿਵਾਣਾ
ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੀ ਕਾਰਜਕਾਰੀ ਮੈਜਿਸਟਰੇਟ ਸਵਾਤੀ ਟਿਵਾਣਾ ਨੇ ਕਿਹਾ ਕਿ ਪਿਛਲੇ ਸਾਲ ਜ਼ਿਲਾ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਨੂੰ ਲੁਧਿਆਣਾ ਦੀ ਪ੍ਰਸਿੱਧ ਸਿਖਲਾਈ ਸੰਸਥਾ ਐਜੂਕੇਅਰ ਨੇ ਮਨਜ਼ੂਰ ਕਰਦੇ ਹੋਏ 160 ਬੱਚਿਆਂ ਨੂੰ ਦਾਖਲਾ ਦੇ ਕੇ ਵੱਡਾ ਸਹਿਯੋਗ ਦਿੱਤਾ ਸੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੀਆਂ) ਵਿਚ ਵੀ 40 ਬੱਚਿਆਂ ਨੂੰ ਇਹ ਮੁਫਤ ਸਿਖਲਾਈ ਦੁਆਈ ਗਈ ਸੀ। ਇਸ ਵਾਰ ਯਤਨ ਕੀਤਾ ਜਾ ਰਿਹਾ ਹੈ ਕਿ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਸਬ-ਡਵੀਜ਼ਨਾਂ 'ਤੇ ਅਜਿਹੀ ਸਿਖਲਾਈ ਸ਼ੁਰੂ ਕਰਵਾਈ ਜਾ ਸਕੇ। ਇਸ ਲਈ ਹੋਰ ਨਿੱਜੀ ਸੈਂਟਰ ਵੀ ਉਤਸ਼ਾਹ ਦਿਖਾ ਰਹੇ ਹਨ।
ਸ਼ਨੀਵਾਰ ਤੇ ਐਤਵਾਰ ਨੂੰ ਮਿਲੇਗੀ ਮੁਫਤ ਕੋਚਿੰਗ
ਸ਼੍ਰੀਮਤੀ ਟਿਵਾਣਾ ਨੇ ਦੱਸਿਆ ਕਿ ਮੈਡੀਕਲ ਅਤੇ ਨਾਨ-ਮੈਡੀਕਲ ਸਟ੍ਰੀਮ ਨਾਲ ਸਬੰਧਤ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਮੁਫਤ ਕੋਚਿੰਗ ਦਿੱਤੀ ਜਾਵੇਗੀ। ਕਲਾਸਾਂ ਦਾ ਸਮਾਂ 5 ਤੋਂ 6 ਘੰਟੇ ਹੋਇਆ ਕਰੇਗਾ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਸ਼੍ਰੀ ਅਗਰਵਾਲ ਅਤੇ ਸ਼੍ਰੀਮਤੀ ਟਿਵਾਣਾ ਨੇ ਯਕੀਨ ਦੁਆਇਆ ਕਿ ਜ਼ਿਲਾ ਪ੍ਰਸ਼ਾਸਨ ਹੋਣਹਾਰ, ਲੋੜਵੰਦ ਅਤੇ ਗਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਹਰ ਸਮੇਂ ਯਤਨਸ਼ੀਲ ਹੈ।
