ਵਿਦਿਆਰਥੀਆਂ ਲਈ ਅਹਿਮ ਖ਼ਬਰ : ਪ੍ਰੀਖਿਆ ਤੋਂ ਸਿਰਫ਼ 5 ਦਿਨ ਪਹਿਲਾਂ ਖੁੱਲ੍ਹਣਗੇ ਕਾਲਜ

02/04/2021 9:10:11 AM

ਚੰਡੀਗੜ੍ਹ (ਅਸ਼ੀਸ਼) - ਕੋਰੋਨਾ ਵਾਇਰਸ ਦੇ ਕਾਰਨ ਬੰਦ ਸ਼ਹਿਰਾਂ ਦੇ ਸਾਰੇ ਕਾਲਜ ਹੁਣ 10 ਫਰਵਰੀ ਤੋਂ ਖੁੱਲ੍ਹਣ ਜਾ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਾਲਜ ਖ਼ੋਲ੍ਹਣ ਦੇ ਸਬੰਧ ’ਚ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਇਸ ਸਮੇਂ ਕਾਲਜ ਖੋਲ੍ਹਣਾ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਲੱਗ ਰਿਹਾ, ਕਿਉਂਕਿ ਸ਼ਹਿਰਾਂ ਦੇ ਸਾਰੇ ਕਾਲਜ ਪ੍ਰੀਖਿਆ ਤੋਂ 5 ਦਿਨ ਪਹਿਲਾਂ ਹੀ ਖੋਲ੍ਹੇ ਜਾ ਰਹੇ ਹਨ। ਅਜਿਹੇ ਵਿਚ ਪੋਸਟ ਗ੍ਰੈਜੂਏਟ ਪੱਧਰ ਦੀਆਂ ਜਮਾਤਾਂ ਦਾ ਕੋਰਸ ਪੂਰਾ ਕਰਨਾ ਚੁਣੌਤੀ ਹੋਵੇਗਾ। ਅੰਡਰ ਗ੍ਰੈਜੂਏਟ ਦਾ ਸਿਲੇਬਸ ਤਾਂ ਕਾਫ਼ੀ ਸਮੇਂ ਪਹਿਲਾਂ ਪੂਰਾ ਹੋ ਚੁੱਕਿਆ ਹੈ। 

ਦੱਸ ਦੇਈਏ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 1 ਫਰਵਰੀ ਤੋਂ ਕਾਲਜ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ ਪਰ ਪ੍ਰਸ਼ਾਸਨ ਵਲੋਂ 10 ਫਰਵਰੀ ਦਾ ਫ਼ੈਸਲਾ ਕੀਤਾ ਗਿਆ ਹੈ। ਕਾਲਜ ਵਿਚ ਵਿਦਿਆਰਥੀਆਂ ਦੇ ਪ੍ਰੈਕਟੀਕਲ ਤਾਂ ਇਸ ਵਾਰ ਕਰਵਾਏ ਹੀ ਨਹੀਂ ਗਏ ਹਨ। ਪ੍ਰੈਕਟੀਕਲ ਦੇ ਨਾਂ ’ਤੇ ਆਨਲਾਈਨ ਵੀਡੀਓ ਸ਼ੇਅਰ ਕੀਤੇ ਗਏ ਸਨ ਅਤੇ ਹੁਣ ਤੱਕ ਐਗਜ਼ਾਮ ਵੀ ਆਨਲਾਈਨ ਨਹੀਂ ਲਏ ਜਾ ਰਹੇ ਹਨ। ਅਜਿਹੇ ਵਿਚ ਕਾਲਜ ਖੋਲ੍ਹਣ ਦੇ ਆਦੇਸ਼ ਹੋਣ ’ਤੇ ਵੀ ਵਿਦਿਆਰਥੀਆਂ ਦੇ ਆਉਣ ਦੀ ਸੰਭਾਵਨਾ ਘੱਟ ਹੀ ਰਹੇਗੀ।

ਉੱਚ ਸਿੱਖਿਆ ਅਦਾਰਿਆਂ ਦੇ ਇੰਸਟੀਚਿਊਟ ਵਿਚ ਕਰੀਬ 60 ਹਜ਼ਾਰ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਵਿਚੋਂ 15 ਫ਼ੀਸਦੀ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਸਾਰੇ ਨਜ਼ਦੀਕੀ ਰਾਜਾਂ ਤੋਂ ਹਨ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਕਾਲਜ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ ਅਤੇ ਹੋਸਟਲਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਸੀ ਪਰ ਵਿਦਿਆਰਥੀ ਪਰਤੇ ਹੀ ਨਹੀਂ। ਸਰਕਾਰੀ ਕਾਲਜਾਂ ਵਿਚ ਪੋਸਟ-ਗ੍ਰੈਜੂਏਸ਼ਨ ਦੀਆਂ ਕਲਾਸਾਂ ਲੱਗ ਰਹੀਆਂ ਹਨ ਪਰ ਪ੍ਰਾਈਵੇਟ ਕਾਲਜਾਂ ਵਿਚ ਨਹੀਂ ਤਾਂ ਪੋਸਟ-ਗੈ੍ਰਜੂਏਟ ਅਤੇ ਨਾ ਹੀ ਅੰਡਰ-ਗ੍ਰੈਜੂਏਟ ਵਿਦਿਆਰਥੀ ਆ ਰਹੇ ਹਨ। ਕਾਲਜ ਖੋਲ੍ਹਣ ਦੇ ਹੁਕਮਾਂ ਤੋਂ ਬਾਅਦ ਸਿਰਫ਼ 10 ਤੋਂ 15 ਵਿਦਿਆਰਥੀ ਕੁਝ ਦਿਨਾਂ ਲਈ ਕਾਲਜ ਆਏ ਸਨ ਪਰ ਬਾਅਦ ਵਿਚ ਉਹ ਵੀ ਆਉਣੇ ਬੰਦ ਹੋ ਗਏ। ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹੁਕਮ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮੱਦਦ ਮਿਲੇਗੀ, ਜਿਨ੍ਹਾਂ ਨੇ ਆਨਲਾਈਨ ਪੇਪਰ ਦੇਣਾ ਹੈ।


rajwinder kaur

Content Editor

Related News