ਸ਼ੱਕੀ ਹਲਾਤਾਂ ''ਚ 12ਵੀਂ ਜਮਾਤ ਦਾ ਵਿਦਿਆਰਥੀ ਲਾਪਤਾ, ਸਾਈਕਲ ਤੇ ਬੈਗ ਬਰਾਮਦ
Thursday, Jan 11, 2018 - 03:30 PM (IST)

ਤਲਵੰਡੀ ਭਾਈ (ਗੁਲਾਟੀ) :- ਪਿੰਡ ਭੰਗਾਲੀ ਦੇ 12ਵੀਂ ਸ਼੍ਰੇਣੀ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸਦਾ ਅੱਜ ਮੋਹਕਮ ਸਿੰਘ ਵਾਲਾ ਦੇ ਪੁਲ ਜੋ ਰਾਜਸਥਾਨ ਫੀਡਰ ਨਾਲ ਜੁੜਦਾ ਹੈ ਤੋਂ ਸਾਈਕਲ ਅਤੇ ਸਕੂਲ ਬੈਗ ਬਰਾਮਦ ਹੋਇਆ ਹੈ। ਜਿਸ ਕਰਕੇ ਪਰਿਵਾਰ ਵੱਲੋਂ ਹਰੀਕੇ ਸਾਈਡ ਉਕਤ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਭੰਗਾਲੀ ਦਾ ਨੌਜਵਾਨ ਲਵਜੀਤ ਸਿੰਘ ਉਮਰ 17 ਸਾਲ ਪੁੱਤਰ ਲਖਵਿੰਦਰ ਸਿੰਘ 10 ਜਨਵਰੀ ਨੂੰ ਪਿੰਡ ਫ਼ਿਰੋਜ਼ਸਾਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿਆ। ਸਕੂਲੋਂ 3 ਵੱਜ ਕੇ 20 ਮਿੰਟ 'ਤੇ ਛੁੱਟੀ ਹੋਣ ਉਪੰਰਤ ਉਹ ਘਰ ਨਾ ਪੁੱਜਾ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਲਵਜੀਤ ਦੀ ਕਾਫੀ ਭਾਲ ਕੀਤੀ ਗਈ ਪਰ ਉਕਤ ਵਿਦਿਆਰਥੀ ਦਾ ਸਾਈਕਲ ਅਤੇ ਬੈਗ ਮੋਹਕਮ ਸਿੰਘ ਵਾਲਾ ਦੇ ਪੁਲ ਤੋਂ ਮਿਲਿਆ, ਜੋ ਰਾਜਸਥਾਨ ਫੀਡਰ ਨਾਲ ਜੁੜਦਾ ਹੈ। ਸਕੂਲ ਦੀ ਪ੍ਰਿੰਸੀਪਲ ਸੀਮਾ ਰਾਣੀ ਦਾ ਕਹਿਣਾ ਹੈ ਕਿ ਲਵਜੀਤ ਸਿੰਘ ਸਕੂਲ ਦਾ ਹੋਣਹਾਰ ਵਿਦਿਆਰਥੀ ਸੀ, ਜਿਸਦੇ ਲਾਪਤਾ ਹੋਣ ਕਰਕੇ ਸਮੂਹ ਸਟਾਫ ਵੀ ਪ੍ਰੇਸ਼ਾਨ ਹੈ।