ਪਹਿਲੇ ਪੇਪਰ ਨੇ ਖਤਮ ਕੀਤੀ ਵਿਦਿਆਰਥੀਆਂ ਦੀ ਟੈਂਸ਼ਨ, ਖਿੜੇ ਚਿਹਰਿਆਂ ਨਾਲ ਬਾਹਰ ਆਏ ਵਿਦਿਆਰਥੀ
Tuesday, Mar 06, 2018 - 02:02 AM (IST)
ਫਿਰੋਜ਼ਪੁਰ(ਮਲਹੋਤਰਾ)—ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋਈਆਂ। ਪ੍ਰੀਖਿਆ ਦੇ ਕੇ ਆ ਰਹੇ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਸਾਰਿਆਂ ਨੇ ਇਕ ਸੁਰ ਵਿਚ ਕਿਹਾ ਕਿ ਮਿਹਨਤੀ ਵਿਦਿਆਰਥੀਆਂ ਦਾ ਭਵਿੱਖ ਹੁਣ ਸੁਧਰਨ ਵਾਲਾ ਹੈ ਕਿਉਂਕਿ ਪਹਿਲਾਂ ਜ਼ਿਆਦਾਤਰ ਪ੍ਰੀਖਿਆ ਕੇਂਦਰਾਂ ਵਿਚ ਨਕਲਚੀਆਂ ਦਾ ਦਬਦਬਾ ਹੁੰਦਾ ਸੀ ਤੇ ਮਿਹਨਤੀ ਬੱਚਿਆਂ ਦੇ ਨੰਬਰ ਘੱਟ ਰਹਿ ਜਾਂਦੇ ਸਨ, ਜਦਕਿ ਜਮਾਤਾਂ ਵਿਚ ਜੋ ਬੱਚੇ ਨਾਲਾਇਕ ਹੁੰਦੇ ਸਨ, ਉਹ ਜ਼ਿਆਦਾ ਨੰਬਰ ਲੈ ਕੇ ਪਾਸ ਹੋ ਜਾਂਦੇ ਸਨ ਤੇ ਪ੍ਰਤਿਭਾਵਾਨ ਵਿਦਿਆਰਥੀਆਂ ਦਾ ਮਨੋਬਲ ਡਿੱਗਦਾ ਸੀ। ਇਸ ਵਾਰ ਬੋਰਡ ਵੱਲੋਂ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਹੋਰ ਸਖਤ ਪ੍ਰਬੰਧ ਹੋਣ ਕਾਰਨ ਨਕਲ ਬਿਲਕੁਲ ਨਹੀਂ ਚੱਲੀ।
ਸੋਮਵਾਰ ਨੂੰ ਸ਼ਹਿਰ ਤੇ ਛਾਉਣੀ ਵਿਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਕੇ. ਵੀ.-1, ਕੇ. ਵੀ.-2, ਆਰਮੀ ਸਕੂਲ, ਆਰ. ਐੱਸ. ਡੀ. ਰਾਜ ਰਤਨ ਸਕੂਲ, ਐੱਚ. ਐੱਮ. ਡੀ. ਏ. ਵੀ. ਸਕੂਲ ਵਿਚ ਬੋਰਡ ਵੱਲੋਂ 10ਵੀਂ ਜਮਾਤ ਦੀ ਆਈ. ਟੀ. ਵਿਸ਼ੇ ਦੀ ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ। ਹਰ ਪ੍ਰੀਖਿਆ ਕੇਂਦਰ ਵਿਚ ਨਕਲ ਰੋਕਣ ਲਈ ਤੀਜੀ ਅੱਖ (ਸੀ. ਸੀ. ਟੀ. ਵੀ.) ਦਾ ਪ੍ਰਬੰਧ ਕੀਤਾ ਗਿਆ ਤੇ ਪ੍ਰੀਖਿਆ ਦੇ ਕੇ ਬਾਹਰ ਆਏ ਵਿਦਿਆਰਥੀਆਂ ਨੇ ਨਕਲ ਰੋਕਣ ਲਈ ਇਸ ਨੂੰ ਕਾਮਯਾਬ ਕਦਮ ਦੱਸਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੇਪਰ ਲੰਬਾ ਜ਼ਰੂਰ ਸੀ ਪਰ ਮੁਸ਼ਕਲ ਨਹੀਂ ਸੀ, ਜਿਸ ਕਾਰਨ ਅੱਜ ਦੇ ਪੇਪਰ ਤੋਂ ਬਾਅਦ ਪ੍ਰੀਖਿਆਵਾਂ ਸਬੰਧੀ ਉਨ੍ਹਾਂ ਦੀ ਟੈਂਸ਼ਨ ਕੁਝ ਖਤਮ ਹੋਈ ਹੈ। ਹੁਣ ਉਹ ਹੋਰਨਾਂ ਵਿਸ਼ਿਆਂ 'ਤੇ ਫੋਕਸ ਕਰ ਕੇ ਚੰਗੇ ਅੰਕ ਪ੍ਰਾਪਤ ਕਰਨ ਲਈ ਹੋਰ ਮਿਹਨਤ ਕਰਨਗੇ। ਕੁਝ ਵਿਦਿਆਰਥੀਆਂ ਨੇ ਪੇਪਰ ਲੰਬਾ ਹੋਣ ਤੇ ਮੁਤਾਬਕ ਸਮਾਂ ਘੱਟ ਮਿਲਣ ਦੀ ਸ਼ਿਕਾਇਤ ਕੀਤੀ।
ਉਧਰ ਪ੍ਰਸ਼ਾਸਨ ਵੱਲੋਂ ਬੋਰਡ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿਚ ਲਾਈ ਗਈ ਧਾਰਾ 144 ਦਾ ਉਲੰਘਣ ਹੁੰਦਾ ਰਿਹਾ। ਸ਼ਹਿਰ ਵਿਚ ਸਥਾਪਤ ਦੋ ਪ੍ਰੀਖਿਆ ਕੇਂਦਰਾਂ ਆਰ. ਐੱਸ. ਡੀ. ਰਾਜ ਰਤਨ ਸਕੂਲ ਅਤੇ ਐੱਚ. ਐੱਮ. ਡੀ. ਏ. ਵੀ. ਸਕੂਲ ਦੇ ਬਾਹਰ ਪੁਲਸ ਦਾ ਪਹਿਰਾ ਤਾਂ ਨਜ਼ਰ ਨਹੀਂ ਆਇਆ, ਜਦਕਿ ਬੱਚਿਆਂ ਦੇ ਮਾਪੇ ਤੇ ਹੋਰ ਲੋਕ ਜ਼ਰੂਰ ਖੜ੍ਹੇ ਹੋਏ ਸਨ।
