ਪੇਪਰ ਦੇਣ ਗਿਆ ਵਿਦਿਆਰਥੀ ਸ਼ੱਕੀ ਹਾਲਾਤ ''ਚ ਲਾਪਤਾ
Wednesday, Mar 13, 2019 - 05:47 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਊਰਨਾ ਦੇ ਵਾਸੀ ਕੁਲਦੀਪ ਸਿੰਘ ਦਾ ਲੜਕਾ ਅਰਸ਼ਜੋਤ ਸਿੰਘ (17) ਜੋ ਕਿ 12 ਮਾਰਚ ਨੂੰ ਬਾਰ੍ਹਵੀਂ ਦੀ ਪ੍ਰੀਖਿਆ ਦੇਣ ਲਈ ਸਮਰਾਲਾ ਗਿਆ ਸੀ ਪਰ ਉਹ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਲਾਪਤਾ ਹੋਏ ਵਿਦਿਆਰਥੀ ਅਰਸ਼ਜੋਤ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਲੜਕਾ ਸਵੇਰੇ 10 ਵਜੇ ਘਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬਾਰ੍ਹਵੀਂ ਦੀ ਪ੍ਰੀਖਿਆ ਦੇਣ ਗਿਆ ਸੀ ਪਰ ਜਦੋਂ ਸ਼ਾਮ ਤੱਕ ਵਾਪਸ ਘਰ ਨਾ ਪਰਤਿਆ ਤਾਂ ਉਸਦੀ ਦੋਸਤਾਂ, ਰਿਸ਼ਤੇਦਾਰਾਂ ਕੋਲ ਤਲਾਸ਼ ਸ਼ੁਰੂ ਕੀਤੀ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸਕੂਲ ਵਿਚ ਪੇਪਰ ਦੇਣ ਵੀ ਨਹੀਂ ਪੁੱਜਾ ਅਤੇ ਨਾ ਹੀ ਘਰ ਪਹੁੰਚਿਆ। ਤਲਾਸ਼ ਦੌਰਾਨ ਉਸਦਾ ਸਾਈਕਲ ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਮਿਲਿਆ। ਪਵਾਤ ਪੁਲ ਨੇੜੇ ਇਕ ਰੇਹੜੀ ਵਾਲੇ ਵਿਅਕਤੀ ਤੇ ਕੁੱਝ ਹੋਰ ਲੋਕਾਂ ਅਨੁਸਾਰ ਇਸ ਵਿਦਿਆਰਥੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਪਰਿਵਾਰਕ ਮੈਂਬਰ ਚਿੰਤਾ ਵਿਚ ਡੁੱਬੇ ਆਪਣੇ ਲੜਕੇ ਦੀ ਨਹਿਰ ਵਿਚ ਤਲਾਸ਼ ਕਰ ਰਹੇ ਹਨ। ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਵੀ ਨਹਿਰ ਵਿਚ ਲੜਕੇ ਦੀ ਤਲਾਸ਼ ਜਾਰੀ ਹੈ ਪਰ ਅਜੇ ਕੋਈ ਸੁਰਾਗ ਹੱਥ ਨਹੀਂ ਲੱਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਵਿਦਿਆਰਥੀ ਅਰਸ਼ਜੋਤ ਸਿੰਘ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ ਅਤੇ ਘਰ ਵਿਚ ਅਜਿਹੀ ਕੋਈ ਗੱਲ ਨਹੀਂ ਹੋਈ ਕਿ ਉਹ ਨਹਿਰ ਵਿਚ ਛਾਲ ਮਾਰਨ ਵਾਲਾ ਕੋਈ ਵੱਡਾ ਕਦਮ ਚੁੱਕ ਸਕੇ ਪਰ ਸਾਈਕਲ ਦਾ ਪਵਾਤ ਪੁਲ ਕਿਨਾਰੇ ਮਿਲਣਾ ਤੇ ਲੋਕਾਂ ਵਲੋਂ ਦੱਸਣਾ ਕਿ ਨੌਜਵਾਨ ਨੇ ਨਹਿਰ ਵਿਚ ਛਾਲ ਮਾਰੀ ਹੈ, ਉਸ ਤੋਂ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਹਨ ਕਿ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ।