ਇਸ ਸ਼ਖਸ ਨੇ ਪਰਾਲੀ ਨੂੰ ਸਾੜਨ ਦੀ ਬਜਾਏ ਇੰਝ ਕੀਤਾ ਇਸਤੇਮਾਲ, ਮਸ਼ਰੂਮ ਉਗਾ ਕੇ ਕਰ ਰਿਹੈ ਕਮਾਈ

11/27/2017 6:35:21 PM

ਹੁਸ਼ਿਆਰਪੁਰ— ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ, ਉਥੇ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਸ਼ਖਸ ਨੇ ਇਸ ਨੂੰ ਸਾੜਨ ਦੀ ਬਜਾਏ ਇਸ ਦੀ ਖਾਦ 'ਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ। ਵੱਡੇ ਪੱਧਰ 'ਤੇ ਮਸ਼ਰੂਮ ਦੀ ਖੇਤੀ ਹੁਸ਼ਿਆਰਪੁਰ 'ਚ ਕੀਤੀ ਜਾਂਦੀ ਹੈ। ਇਸ ਖੇਤਰ 'ਚ ਹਰਸ਼ਰਨਜੀਤ ਸਿੰਘ ਸੰਨੀ ਥਿਯਾੜਾ ਨੂੰ ਮਸ਼ਰੂਮ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਪਰਾਲੀ ਦੀ ਵਰਤੋਂ ਮਸ਼ਰੂਮ ਦੀ ਪੈਦਾਵਾਰ 'ਚ ਕਰ ਰਹੇ ਹਨ। ਸੰਨੀ ਨੇ ਦੱਸਿਆ ਕਿ ਸਾਲ 2001 'ਚ ਉਨ੍ਹਾਂ ਨੇ ਹੁਸ਼ਿਆਰਪੁਰ 'ਚ ਥੋੜ੍ਹੇ ਰਕਬੇ 'ਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਹੌਲੀ-ਹੌਲੀ ਹੁਣ ਸਾਲ 'ਚ 100 ਟਨ ਮਸ਼ਰੂਮ ਦੇ ਉਤਪਾਦਨ ਤੱਕ ਪਹੁੰਚ ਗਈ ਹੈ। ਉਹ ਇਸ ਦੇ ਉਤਪਾਦਨ 'ਚ ਮਸ਼ਰੂਮ ਰਿਸਰਚ ਸੈਂਟਰ ਸੋਲਨ (ਹਿਮਾਚਲ ਪ੍ਰਦੇਸ਼) ਨਾਲ ਨਵਾਜੇ ਜਾ ਚੁੱਕੇ ਹਨ। ਉਹ ਦੱਸਦੇ ਹਨ ਕਿ ਉਹ ਦੋ ਤਰ੍ਹਾਂ ਦੇ ਮਸ਼ਰੂਮ ਦਾ ਉਤਪਾਦਨ ਕਰਦੇ ਹਨ। ਇਕ ਢੀਂਗਰੀ ਮਸ਼ਰੂਮ ਅਤੇ ਦੂਜਾ ਬਟਨ ਮਸ਼ਰੂਮ। ਮਸ਼ਰੂਮ ਦੀ ਖੇਤੀ ਦੇ ਨਾਲ-ਨਾਲ ਪਰਾਲੀ ਦੀ ਵੀ ਸਹੀ ਵਰਤੋਂ ਕਰ ਰਹੇ ਹਨ। ਮਸ਼ਰੂਮ 'ਚ ਕੰਮ ਆਉਣ ਵਾਲੀ ਕੰਪੋਸਟ ਖਾਦ ਵੀ ਸੰਨੀ ਖੁਦ ਹੀ ਪਲਾਂਟ ਲਗਾ ਕੇ ਤਿਆਰ ਕਰ ਰਹੇ ਹਨ। ਇਸ ਖਾਦ ਨੂੰ ਬਣਾਉਣ 'ਚ ਪਰਾਲੀ ਵੀ ਕੰਮ ਆਉਂਦੀ ਹੈ। ਇਸ ਨਾਲ ਉਹ ਪਰਾਲੀ ਨੂੰ ਸੜਨ ਤੋਂ ਰੋਕ ਕੇ ਵਾਤਾਵਰਣ ਵੀ ਬਚਾ ਰਹੇ ਹਨ। 
ਲਾਗਤ ਮੁੱਲ 'ਤੇ ਉਪਲੱਬਧ ਕਰਵਾਉਂਦੇ ਹਨ ਕੰਪੋਸਟ ਖਾਦ 
ਸੰਨੀ ਕੰਪੋਸਟ ਦਾ ਵੀ ਵੱਡੇ ਪੈਮਾਨੇ 'ਤੇ ਉਦਪਾਦਨ ਕਰਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉਹ ਛੋਟੇ ਕਿਸਾਨਾਂ ਨੂੰ ਇਹ ਕੰਪੋਸਟ ਸਿਰਫ ਲਾਗਤ ਮੁੱਲ 'ਤੇ ਹੀ ਉਪਲੱਬਧ ਕਰਵਾ ਰਹੇ ਹਨ। ਸੰਨੀ ਦੱਸਦੇ ਹਨ ਕਿ ਕੰਪੋਸਟ ਤਿਆਰ ਕਰਨ 'ਚ ਤੂੜੀ ਅਤੇ ਪਰਾਲੀ ਨੂੰ ਮਿਕਸ ਕਰਕੇ ਇਕ ਵੱਡੇ ਸ਼ੈੱਡ ਦੇ ਹੇਠਾਂ ਫਰਸ਼ 'ਤੇ ਗਿੱਲਾ ਕੀਤਾ ਜਾਂਦਾ ਹੈ। ਇਸ ਨੂੰ 24 ਤੋਂ 48 ਘੰਟਿਆਂ ਤੱਕ ਭਿੱਜਿਆਂ ਰਹਿਣ ਦਿੱਤਾ ਜਾਂਦਾ ਹੈ। ਇਸ 'ਚ ਨਮੀ ਦੀ ਮਾਤਰਾ 75 ਫੀਸਦੀ ਦੇ ਕਰੀਬ ਹੋਣੀ ਚਾਹੀਦੀ ਹੈ। ਪਰਾਲੀ ਨੂੰ ਮੁੱਠੀ 'ਚ ਲੈ ਕੇ ਉਸ ਦੀ ਨਮੀ ਚੈੱਕ ਕਰਨ ਲਈ ਢੀਂਗਰੀ ਮਸ਼ਰੂਮ ਦੀ ਖਾਦ ਦੇ ਰੂਪ 'ਚ ਤਿਆਰ ਕੀਤਾ ਜਾਂਦਾ ਹੈ। ਤਿਆਰ ਹੋਣ 'ਤੇ ਇਸ 'ਚ ਢੀਂਗਰੀ ਮਸ਼ਰੂਮ ਦਾ ਬੀਜ ਪਾ ਕੇ  ਲਿਫਾਫੇ 'ਚ ਬੰਦ ਕਰ ਦਿੱਤਾ ਜਾਂਦਾ ਹੈ। ਫਿਰ ਥੋੜ੍ਹੇ ਦਿਨਾਂ ਤੱਕ ਮਸ਼ਰੂਮ ਉੱਗਣੀ ਸ਼ੁਰੂ ਹੋ ਜਾਂਦੀ ਹੈ। 
ਵਟਸਐਪ ਗਰੁੱਪ 'ਚ ਸ਼ਾਮਲ ਵੱਖ-ਵੱਖ ਸੂਬਿਆਂ ਦੇ 165 ਮਾਹਿਰ 
ਉਥੇ ਸੰਨੀ ਥਿਯਾੜਾ ਤੋਂ ਪ੍ਰੇਰਣਾ ਲੈ ਕੇ ਮਸ਼ਰੂਮ ਦੀ ਖੇਤੀ ਕਰਨ ਵਾਲੇ ਛੋਟੇ ਮਸ਼ਰੂਮ ਉਤਪਾਦਕ ਮਨਵਿੰਦਰ ਜੱਸਲ ਸੰਨੀ ਤੋਂ ਮਸ਼ਰੂਮ ਦੀ ਖਾਦ ਲੈ ਕੇ ਮਸ਼ਰੂਮ ਦੀ ਖੇਤੀ ਕਰ ਰਹੇ ਹਨ। ਉਹ ਦੱਸਦੇ ਹਨ ਕਿ 2005 'ਚ ਉਨ੍ਹਾਂ ਨੇ ਮਸ਼ਰੂਮ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਸੀ। ਇਹ ਬਹੁਤ ਹੀ ਆਸਾਨ ਅਤੇ ਅਤੇ ਵਧੀਆ ਆਮਦਨ ਵਾਲਾ ਕੰਮ ਹੈ। ਇਸ 'ਚ ਥੋੜ੍ਹੀ ਜਿਹੀ ਮਿਹਨਤ ਕਰਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ।


Related News