ਪਰਾਲੀ ਸਾੜਨ ਨੂੰ ਲੈ ਕੇ ਚੌਕਸ ਹੋਇਆ ਪੁਲਸ ਪ੍ਰਸ਼ਾਸਨ, ਸਰਪੰਚਾਂ ਨਾਲ ਕੀਤੀਆਂ ਮੀਟਿੰਗਾਂ
Wednesday, Sep 30, 2020 - 10:26 AM (IST)
ਦੇਵੀਗੜ੍ਹ (ਨੌਗਾਵਾਂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕੀਤੀਆਂ ਸਖ਼ਤ ਹਦਾਇਤਾਂ ਤਹਿਤ ਪੁਲਸ ਪ੍ਰਸ਼ਾਸਨ ਕਾਫੀ ਸਰਗਰਮ ਹੈ। ਥਾਣਾ ਜੁਲਕਾਂ ਵਿਖੇ ਸੀਨੀਅਰ ਪੁਲਸ ਕਪਤਾਨ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ ’ਤੇ ਸਰਪੰਚਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨਾਲ ਡੀ. ਐੱਸ. ਪੀ. ਦਿਹਾਤੀ ਅਜੇਪਾਲ ਸਿੰਘ ਨੇ ਮੀਟਿੰਗ ਕੀਤੀ। ਇਸ ਮੌਕੇ ਥਾਣਾ ਮੁਖੀ ਜੁਲਕਾਂ ਹਰਮਨਪ੍ਰੀਤ ਸਿੰਘ ਚੀਮਾ ਵੀ ਮੌਜੂਦ ਸਨ।
ਇਸ ਮੌਕੇ ਅਜੇਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤਾਂ ਕਿ ਇਸ ਤੋਂ ਸਿਹਤ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਨਾਲ ਦਮੇ ਦੇ ਮਰੀਜ਼ਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। ਕੋਰੋਨਾ ਲਾਗ ਦੇ ਚੱਲਦਿਆਂ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰਾਲੀ ਸਾੜਨ ਨਾਲ ਕੋਰੋਨਾ ਲਾਗ ਦਾ ਫੈਲਾਅ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕੋਰੋਨਾ ਸਾਹ ਨਾਲ ਫੈਲਣ ਵਾਲੀ ਬੀਮਾਰੀ ਹੈ।
ਪਰਾਲੀ ਦੇ ਧੂੰਏਂ ਨਾਲ ਕੋਰੋਨਾ ਵਾਇਰਸ ਜ਼ਿਆਦਾ ਫੈਲ ਸਕਦਾ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਪਰਾਲੀ ਸਾੜਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਰਪੰਚਾਂ ਨੂੰ ਪਰਾਲੀ ਨਾ ਸਾੜਨ ਲਈ ਸਹੁੰ ਵੀ ਚੁਕਾਈ ਗਈ। ਥਾਣਾ ਮੁਖੀ ਜੁਲਕਾਂ ਹਰਮਨਪ੍ਰੀਤ ਸਿੰਘ ਚੀਮਾ ਨੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਵਲੋਂ ਇਸ ਮੀਟਿੰਗ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਮਾਨ ਸਿੰਘ ਨੰਬਰਦਾਰ, ਮਨਿੰਦਰ ਫਰਾਂਸਵਾਲਾ, ਰਮੇਸ਼ ਲਾਂਬਾ, ਦੇਬਣ ਸਰਪੰਚ ਹਾਜੀਪੁਰ, ਨਰਪਿੰਦਰ ਸਿੰਘ ਨਿੱਪੀ, ਰਿੰਕੂ ਮਿੱਤਲ, ਦਤਲਕ ਰਾਜ ਸ਼ਰਮਾ, ਜਰਨੈਲ ਸਿੰਘ ਚੂਹਟ, ਭੋਲਾ ਸਿੰਘ ਈਸਰਹੇੜੀ, ਦਲੇਰ ਸਿੰਘ, ਚੰਦਰ ਦੱਤ ਪ੍ਰਧਾਨ, ਅਮਰਿੰਦਰ ਕਛਵਾ, ਲਖਵੀਰ ਲੱਖੀ, ਗੁਰਮੀਤ ਸ਼ੇਖਪੁਰ, ਲਖਵੀਰ ਸਿੰਘ ਬਹਿਰੂ, ਵਰਿੰਦਰ ਵਿਸਕੀ, ਰਾਜਿੰਦਰ ਸਿੰਘ ਜੁਲਕਾਂ, ਗੁਰੀ ਜਲਾਲਾਬਾਦ ਆਦਿ ਵੀ ਹਾਜ਼ਰ ਸਨ।