ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਲਗਾਈ ਅੱਗ, ਲੱਖਾਂ ਰੁਪਏ ਦਾ ਨੁਕਸਾਨ
Monday, Nov 04, 2024 - 03:37 PM (IST)

ਭਾਦਸੋਂ (ਅਵਤਾਰ) : ਬੀਤੀ ਰਾਤ ਨਾਭਾ ਰੋਡ ਸਕਰਾਲੀ ਵਿਖੇ ਇਕ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਖੱਟੜਾ ਨੇ ਦੱਸਿਆ ਕਿ ਚਾਸਵਾਲ ਦੇ ਮੱਧਵਰਗੀ ਕਿਸਾਨ ਪਰਮਵੀਰ ਸਿੰਘ ਸਪੁੱਤਰ ਸਵ.ਸੁਰਮੁੱਖ ਸਿੰਘ ਦਾ ਪਰਾਲੀ ਇਕੱਤਰ ਕਰਕੇ ਇਕ ਡੰਪ ਲਗਾਇਆ ਹੋਇਆ ਸੀ ਪਰ ਕਿਸੇ ਸ਼ਰਾਰਤੀ ਅਨਸਰ ਵਲੋਂ ਇਸ ਡੰਪ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਰਕੇ ਉਨ੍ਹਾਂ ਦੀਆਂ ਕਰੀਬ 200 ਟਰਾਲੀ ਗੱਠਾਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ।
ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਇਸ ਅਗਜਨੀ ਨਾਲ ਕਰੀਬ 30 ਤੋਂ 35 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦਾ ਪਤਾ ਚੱਲਦੇ ਹੀ ਇਲਾਕਾ ਵਾਸੀ ਘਟਨਾ ਸਥਾਨ 'ਤੇ ਪੁੱਜੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਧਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਬੁਝਾਉਣ ਦੀ ਕਰਵਾਈ ਕੀਤੀ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਸੈਕਟਰੀ ਬੀ.ਡੀ.ਪੀ.ਓ ਦਫਤਰ ਵੀ ਮੌਕੇ 'ਤੇ ਪੁੱਜੇ। ਥਾਣਾ ਮੁਖੀ ਭਾਦਸੋਂ ਦੇ ਇੰਸਪੈਕਟਰ ਪਰਦੀਪ ਕੁਮਾਰ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।