ਕੈਮਿਸਟਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰੇਸ਼ਾਨ

07/29/2018 12:31:58 AM

 ਕੌਹਰੀਆਂ,  (ਸ਼ਰਮਾ)-  ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਵਿੱਢੇ ਸੰਘਰਸ਼ ਦੇ ਚੌਥੇ ਦਿਨ ਸ਼ਨੀਵਾਰ  ਨੂੰ ਕੌਹਰੀਆਂ ਵਿਖੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਪੁਲਸ ਦੀ ਦਖਲਅੰਦਾਜ਼ੀ ਬੰਦ ਕਰਵਾਉਣ ਲਈ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਕੈਮਿਸਟ ਕੌਰ ਸੈਨ, ਰਘਵੀਰ ਸਿੰਘ, ਰਣਧੀਰ ਸਿੰਘ, ਰਵਿੰਦਰ ਰਿੰਪੀ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਦਵਾਈਆਂ ਹੀ ਵੇਚਦੇ ਹਨ ਪਰ ਸਰਕਾਰ ਨਸ਼ੇ ਦੀ ਆਡ਼ ਵਿਚ ਛਾਪੇ ਮਾਰ ਕੇ ਉਨ੍ਹਾਂ ਨੂੰ ਬਦਨਾਮ ਅਤੇ ਪ੍ਰੇਸ਼ਾਨ ਕਰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਬੰਦ ਕੀਤੀ ਜਾਵੇ।
 ਕਸਬੇ ਵਿਚ ਕੈਮਿਸਟਾਂ ਦੀਆਂ ਦੁਕਾਨਾ ਬੰਦ ਹੋਣ ਕਾਰਨ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਦਵਾਈ ਅੰਦਰੋਂ ਨਹੀਂ ਮਿਲੀ, ਉਹ ਕੈਮਿਸਟਾਂ ਤੋਂ ਖਰੀਦਣੀ ਸੀ।
ਮਾਲੇਰਕੋਟਲਾ  (ਜ਼ਹੂਰ/ਸ਼ਹਾਬੂਦੀਨ)–ਅੱਜ ਦੂਜੇ ਦਿਨ ਵੀ ਸ਼ਹਿਰ ਦੇ ਕੈਮਿਸਟਾਂ ਨੇ ਅਾਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਚੌਧਰੀ ਮੁਹੰਮਦ ਸ਼ਕੀਲ ਨੰਦਨ, ਰਵਿੰਦਰ ਕੁਮਾਰ ਜੈਨ, ਮਨਸੂਰ ਆਲਮ, ਮਹਿਮੂਦ ਅਹਿਮਦ ਥਿੰਦ ਅਤੇ ਬਲਜਿੰਦਰ ਪਾਲ ਸਿੰਘ ਸੰਗਾਲੀ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੋ ਲੋਕ ਸ਼ਹਿਰ ਵਿਚ ਨਸ਼ੇ ਦਾ ਕਾਰੋਬਾਰ ਕਰਦੇ ਹਨ, ਪੁਲਸ ਨੂੰ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੈਮਿਸਟਾਂ ਦੀਆਂ ਦੁਕਾਨਾਂ ਦੀ ਸਮੇਂ-ਸਮੇਂ ’ਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵੱਲੋਂ ਜਾਂਚ ਕੀਤੀ ਜਾਂਦੀ ਰਹਿੰਦੀ ਹੈ, ਅਜਿਹੇ ਵਿਚ ਜਦੋਂ ਕਿਸੇ ਮੈਡੀਕਲ ਸਟੋਰ ਤੋਂ ਅਧਿਕਾਰੀਆਂ ਨੂੰ ਨਸ਼ੇ ਵਾਲੀਆਂ ਦਵਾਈਆਂ ਨਹੀਂ ਮਿਲਦੀਆਂ ਤਾਂ ਪੁਲਸ ਬੇਵਜ੍ਹਾ ਉਨ੍ਹਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰ ਰਹੀ ਹੈ। 
ਭਦੌਡ਼ (ਰਾਕੇਸ਼)–ਕੈਮਿਸਟ ਐਸੋਸੀਏਸ਼ਨ ਨੇ ਇਥੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੰਜਾਬ ਸਰਕਾਰ ਖਿਲਾਫ  ਰੋਸ ਪ੍ਰਗਟ ਕਰਦਿਆਂ ਸ਼ਾਂਤਮਈ ਢੰਗ ਨਾਲ ਸਾਰੇ ਬਾਜ਼ਾਰਾਂ ਵਿਚ ਰੈਲੀ ਕੱਢੀ। ਰੈਲੀ ਨੂੰ ਸੰਬੋਧਨ ਕਰਦਿਆਂ ਕੈਮਿਸਟ ਐਸੋਸੀਏਸ਼ਨ ਭਦੌਡ਼ ਦੇ ਪ੍ਰਧਾਨ ਵਿਪਨ ਗੁਪਤਾ ਤੇ ਸਕੱਤਰ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਮਿਸਟਾਂ ’ਤੇ ਥੋਪੇ ਨਵੇਂ ਕਾਨੂੰਨ ਦੇ ਖਿਲਾਫ ਉਹ ਰੈਲੀ ਕਰਨ ਲਈ ਮਜਬੂਰ ਹੋਏ ਹਨ।  ਇਸ  ਮੌਕੇ ਵਿਪਨ ਕੁਮਾਰ, ਰਾਜੀਵ ਰਿੰਕੂ, ਸੰਜੀਵ ਕੁਮਾਰ, ਪ੍ਰਿੰਸ ਗੁਪਤਾ,  ਵਿਨੋਦ ਕੁਮਾਰ, ਡਾ. ਗੁਰਤੇਜ ਸਿੰਘ ਧਾਲੀਵਾਲ, ਨਰੇਸ਼ ਬੱਬੂ, ਡਾ. ਪੱਪੂ ਗੁਰੋਂ, ਰਾਕੇਸ਼ ਕੁਮਾਰ, ਪਵਿੱਤਰ ਸਿੰਘ ਕੂਕਾ ਤੋਂ ਇਲਾਵਾ ਸਮੂਹ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
 


Related News