ਦਫ਼ਤਰੀ ਬਾਬੂਆਂ ਵੱਲੋਂ 27 ਤੱਕ ਕਲਮ ਛੋੜ ਹੜਤਾਲ ਦਾ ਫ਼ੈਸਲਾ
Thursday, Jun 24, 2021 - 06:44 PM (IST)
ਖਰੜ (ਜ. ਬ.) : ਪੀ. ਐੱਸ. ਐੱਮ. ਐੱਸ. ਯੂ. ਅਤੇ ਦੀ ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਤਹਿਸੀਲ ਅਤੇ ਐੱਸ. ਡੀ. ਐੱਮ. ਦਫ਼ਤਰ ਦੇ ਬਾਬੂਆਂ ਨੇ ਕਲਮ ਛੋੜ ਹੜਤਾਲ ਕਰ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਇਸ ਮੌਕੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਅਤੇ ਆਰ. ਸੀ. ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਤੋਂ ਦੁਖ਼ੀ ਹੋ ਕੇ ਕਾਮਿਆਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਪੰਜਾਬ ਸਰਕਾਰ ਵੱਲੋਂ ਪੇਅ-ਕਮਿਸ਼ਨ ਦੇਣ ਦੇ ਨਾਂ ’ਤੇ ਮੁਲਾਜ਼ਮਾਂ ਨਾਲ ਧੋਖਾ, ਪੁਰਾਣੀ ਪੈਨਸ਼ਨ ਸਕੀਮ ਬੰਦ ਕਰਨਾ, ਡੀ. ਏ., ਹੋਰ ਵਿੱਤੀ ਲਾਭ ਨਾ ਦੇਣ ਸਬੰਧੀ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ।
ਸਰਕਾਰ ਵੱਲੋਂ ਲਾਰਾ-ਲੱਪਾ ਲਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਮੇ 23 ਜੂਨ ਤੋਂ 27 ਜੂਨ ਤੱਕ ਕਲਮ ਛੋੜ ਹੜਤਾਲ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵੇ ਰੋਜ਼ਾਨਾ ਕਰਨਗੇ। ਹੜਤਾਲ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਤਹਿਸੀਲ ਅਤੇ ਐੱਸ. ਡੀ. ਐੱਮ. ਦਫਤਰ ਵਿਚ ਕੰਮਕਾਜ ਕਰਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹੀਆਂ ਹੜਤਾਲਾਂ ਕਾਰਨ ਲੋਕ ਵਧੇਰੇ ਪ੍ਰਭਾਵਿਤ ਹੁੰਦੇ ਹਨ। ਇਸ ਮੌਕੇ ਸੰਜੀਵ ਕੁਮਾਰ, ਧਰਮਿੰਦਰ ਪਾਲ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ।