ਘੱਲੂਘਾਰਾ ਦਿਵਸ ਸਬੰਧੀ ਜਲੰਧਰ ''ਚ ਸਖ਼ਤੀ, 20 ਡਿਊਟੀ ਮੈਜਿਸਟ੍ਰੇਟ ਤਾਇਨਾਤ, 32 ਨਾਕੇ ਸਥਾਪਤ

Monday, Jun 06, 2022 - 10:55 AM (IST)

ਘੱਲੂਘਾਰਾ ਦਿਵਸ ਸਬੰਧੀ ਜਲੰਧਰ ''ਚ ਸਖ਼ਤੀ, 20 ਡਿਊਟੀ ਮੈਜਿਸਟ੍ਰੇਟ ਤਾਇਨਾਤ, 32 ਨਾਕੇ ਸਥਾਪਤ

ਜਲੰਧਰ (ਚੋਪੜਾ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ 20 ਡਿਊਟੀ ਮੈਜਿਸਟ੍ਰੇਟ ਤਾਇਨਾਤ ਕਰਨ ਦੇ ਨਾਲ-ਨਾਲ 32 ਨਾਕੇ ਸਥਾਪਤ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀ ਪ੍ਰਧਾਨਗੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿਚ ਸ਼ਾਮਲ ਹੋਣ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਖਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਐੱਸ. ਐੱਸ. ਪੀ. ਸਵਪਨ ਸ਼ਰਮਾ ਸਮੇਤ ਮੁੱਖ ਸਕੱਤਰ ਨੂੰ ਜ਼ਿਲ੍ਹੇ ਵਿਚ ਸੁਰੱਖਿਆ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌਕਸੀ ਵਰਤਦਿਆਂ ਜ਼ਿਲੇ ਵਿਚ ਤਾਇਨਾਤ ਕੀਤੇ ਗਏ 20 ਡਿਊਟੀ ਮੈਜਿਸਟ੍ਰੇਟਾਂ ਵਿਚੋਂ 11 ਸ਼ਹਿਰੀ ਅਤੇ 9 ਦਿਹਾਤੀ ਇਲਾਕਿਆਂ ਵਿਚ ਲਾਏ ਗਏ ਹਨ। ਜ਼ਿਲ੍ਹੇ ਵਿਚ ਸਥਾਪਤ ਕੀਤੇ ਗਏ 32 ਪੁਲਸ ਨਾਕਿਆਂ ਵਿਚੋਂ 12 ਪੁਲਸ ਕਮਿਸ਼ਨਰੇਟ ਅਤੇ 20 ਐੱਸ. ਐੱਸ. ਪੀ. (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਹਨ। ਇਸ ਤੋਂ ਇਲਾਵਾ ਜ਼ਿਲੇ ਵਿਚ ਹੋਰ ਵਾਧੂ ਪੁਲਸ ਫ਼ੋਰਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

ਘਨਸ਼ਾਮ ਥੋਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਜੇਕਰ ਕੋਈ ਸ਼ਾਂਤੀ ਅਤੇ ਫਿਰਕੂ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਕਾਰਵਾਈ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਕਿ ਸਮੇਂ ’ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਸਰੀਨ, ਡਿਪਟੀ ਕਮਿਸ਼ਨਰ ਆਫ ਪੁਲਸ ਜਸਕਿਰਨਜੀਤ ਸਿੰਘ ਤੇਜਾ, ਏ. ਆਈ. ਜੀ. (ਸੀ. ਆਈ. ਡੀ.) ਰਾਜੇਸ਼ਵਰ ਸਿੰਘ ਸਿੱਧੂ, ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਏ. ਸੀ. ਪੀ. ਦਵਿੰਦਰ ਪਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ: ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News