ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਲੰਧਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

Sunday, Mar 19, 2023 - 06:03 PM (IST)

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਲੰਧਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਜਲੰਧਰ (ਵੈੱਬ ਡੈਸਕ, ਸੁਧੀਰ)– ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਨ ਲਈ ਸੂਬੇ ਭਰ ਵਿਚ ਰੈੱਡ ਅਲਰਟ ਐਲਾਨਿਆ ਗਿਆ ਹੈ। ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਸ ਦੇ ਐਕਸ਼ਨ ਤੋਂ ਬਾਅਦ ਜਲੰਧਰ ਵਿੱਚ ਪੁਲਸ ਅਤੇ ਰੈਪਿਡ ਐਕਸ਼ਨ ਫੋਰਸ ਦੁਆਰਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਬੇਸ਼ੱਕ ਅੰਮ੍ਰਿਤਪਾਲ ਸਿੰਘ ਅਜੇ ਤੱਕ ਪੁਲਸ ਦੇ ਹੱਥ ਨਹੀਂ ਚੜ੍ਹ ਸਕਿਆ ਹੈ, ਹਾਲਾਂਕਿ ਇਹ ਪੁਲਸ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਸ਼ਹਿਰ ਵਿੱਚ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਜਵਾਨਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।  ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਸੂਬੇ ਭਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੇ ਨਾਲ ਹੀ ਦਿਹਾਤੀ ਅਤੇ ਕਮਿਸ਼ਨਰੇਟ ਪੁਲਸ ਦੇ ਇਲਾਕੇ ਵਿਚ ਪੈਰਾ-ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਬਾਕੀ ਸਰਕਾਰਾਂ ਜੋ ਕੰਮ ਆਖਰੀ ਸਾਲ ’ਚ ਕਰਦੀਆਂ ਸਨ, ਅਸੀਂ ਪਹਿਲੇ ਸਾਲ ’ਚ ਕੀਤਾ: ਭਗਵੰਤ ਮਾਨ

ਪੁਲਸ ਕਮਿਸ਼ਨਰ (ਸੀ. ਪੀ.) ਕੁਲਦੀਪ ਸਿੰਘ ਦੇ ਨਿਰਦੇਸ਼ਾਂ ’ਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨ ਸ਼ਹਿਰ ਦੇ ਕਈ ਸੰਵੇਦਨਸ਼ੀਲ ਇਲਾਕਿਆਂ ਵਿਚ ਵਿਸ਼ੇਸ਼ ਰੂਪ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਇਲਾਕਿਆਂ ਵਿਚ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੇ ਨਾਲ ਪੈਰਾ-ਮਿਲਟਰੀ ਫੋਰਸ ਦੇ ਜਵਾਨ ਫਲੈਗ ਮਾਰਚ ਵੀ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਹਾਲਾਤ ਨੂੰ ਵੇਖਦਿਆਂ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ ਵਿਚ ਰਾਤ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਥਾਣਾ ਇੰਚਾਰਜਾਂ ਨੂੰ ਵੀ ਆਪਣੇ-ਆਪਣੇ ਇਲਾਕਿਆਂ ਵਿਚ ਸੰਵੇਦਨਸ਼ੀਲ ਥਾਵਾਂ ’ਤੇ ਨਾਕਾਬੰਦੀ ਕਰਨ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਨਕੇਲ ਕੱਸਣ ਦੇ ਹੁਕਮ ਦਿੱਤੇ ਗਏ ਹਨ।

PunjabKesari

ਇਕ ਸਵਾਲ ਦੇ ਜਵਾਬ ਵਿਚ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸ਼ਹਿਰ ਦੇ ਐਂਟਰੀ ਪੁਆਇੰਟਾਂ ਨੂੰ ਵੀ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਦਸਤੇ ਨੂੰ ਵੀ ਸ਼ਹਿਰ ਵਿਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਨਕੇਲ ਕੱਸਣ ਲਈ ਕਿਹਾ ਗਿਆ ਹੈ। ਨਾਈਟ ਡੋਮੀਨੇਸ਼ਨ ਤਹਿਤ ਉਹ ਦੇਰ ਰਾਤ ਤੱਕ ਫੀਲਡ ਵਿਚ ਨਿਕਲ ਕੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਰਾਤ ਨੂੰ ਸ਼ਹਿਰ ਵਿਚ ਵਿਸ਼ੇਸ਼ ਰੂਪ ਵਿਚ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਰਾਤ ਨੂੰ ਸ਼ਹਿਰ ਵਿਚ ਆਉਣ ਵਾਲੇ ਦੂਜੇ ਸੂਬਿਆਂ ਦੇ ਵਾਹਨਾਂ ਦੀ ਚੈਕਿੰਗ ਕਰਨ ਅਤੇ ਚਾਲਕਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਦੇਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

PunjabKesari

ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਮਹਿਤਪੁਰ ਮੇਨ ਬਾਜ਼ਾਰ ਨੇੜੇ ਦੋਆਬਾ ਹਸਪਤਾਲ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਨੂੰ ਵੀ ਪੁਲਸ ਛਾਉਣੀ ’ਚ ਤਬਦੀਲ ਕਰਦਿਆਂ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਭਰ ’ਚ 24 ਘੰਟੇ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 3 ਕੇਸ ਦਰਜ ਹਨ। ਇਨ੍ਹਾਂ ’ਚੋਂ 2 ਥਾਣਾ ਅਜਨਾਲਾ ’ਚ ਹਨ। ਪੁਲਸ ਕਾਫ਼ੀ ਸਮੇਂ ਤੋਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਸੀ। ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਜਲੰਧਰ ਦੇ ਸ਼ਾਹਕੋਟ ਮਲਸੀਆਂ ਤੋਂ ਹੁੰਦੇ ਹੋਏ ਸ਼ਨੀਵਾਰ ਬਠਿੰਡਾ ਦੇ ਪਿੰਡ ਭਾਈ ਰੂਪਾ ਵਿਖੇ ਅੰਮ੍ਰਿਤ ਸੰਚਾਰ ਕਰਵਾਉਣ ਪਹੁੰਚਣਾ ਸੀ। ਗੁ. ਸਾਹਿਬ ਵਿਖੇ ਵੱਡੀ ਗਿਣਤੀ ’ਚ ਸਮਰਥਕ ਇਕੱਠੇ ਹੋ ਰਹੇ ਸਨ ਪਰ ਸਵੇਰ ਤੋਂ ਹੀ ਭਾਰੀ ਪੁਲਸ ਫੋਰਸ ਉਨ੍ਹਾਂ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ, ਜਦੋਂ ਇਹ ਕਾਫਲਾ ਸ਼ਾਹਕੋਟ ਪੁੱਜਾ ਤਾਂ ਪੁਲਸ ਫੋਰਸ ਨੇ ਘੇਰ ਲਿਆ। ਅੰਮ੍ਰਿਤਪਾਲ ਸਿੰਘ ਦੀਆਂ 2 ਗੱਡੀਆਂ ’ਚ ਸਵਾਰ 7 ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦਕਿ ਅੰਮ੍ਰਿਤਪਾਲ ਆਪਣੀ ਮਰਸਡੀਜ਼ ’ਚ ਉਥੋਂ ਨਿਕਲ ਗਏ। ਪੁਲਸ ਮੁਤਾਬਕ ਉਨ੍ਹਾਂ ਦੇ ਸਾਥੀਆ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News