ਮਾਨਸਾ ਜ਼ਿਲ੍ਹੇ 'ਚ 31 ਮਾਰਚ ਤੱਕ ਸਖ਼ਤ ਹੁਕਮ ਲਾਗੂ, ਇਨ੍ਹਾਂ ਕੰਮਾਂ 'ਤੇ ਲੱਗੀ ਪਾਬੰਦੀ
Tuesday, Feb 11, 2025 - 11:37 AM (IST)
![ਮਾਨਸਾ ਜ਼ਿਲ੍ਹੇ 'ਚ 31 ਮਾਰਚ ਤੱਕ ਸਖ਼ਤ ਹੁਕਮ ਲਾਗੂ, ਇਨ੍ਹਾਂ ਕੰਮਾਂ 'ਤੇ ਲੱਗੀ ਪਾਬੰਦੀ](https://static.jagbani.com/multimedia/2025_2image_11_22_343877078orders.jpg)
ਮਾਨਸਾ (ਮਨਜੀਤ ਕੌਰ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨਿਰਮਲ ਓਸੇਪਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਨ-ਕਾਨੂੰਨ ਬਣਾਈ ਰੱਖਣ ਲਈ ਜਨਤਕ ਥਾਵਾਂ ’ਤੇ ਜਲੂਸ ਕੱਢਣ, ਨਾਅਰੇ ਲਾਉਣ, ਭੜਕਾਊ ਪ੍ਰਚਾਰ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਗੰਡਾਸੇ, ਤੇਜ਼ਦਾਰ ਟਕੁਏ, ਕੁਲਹਾੜੀਆਂ, ਵਿਸਫੋਟਕ ਸਮੱਗਰੀ ਅਤੇ ਹੋਰ ਘਾਤਕ ਹਥਿਆਰ ਜਾਂ ਅਸਲਾ ਚੁੱਕਣ ’ਤੇ ਪਾਬੰਦੀ ਲਾਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਵਿਚ ਕਿਹਾ ਕਿ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਸਬੰਧੀ ਹੁਕਮ ਸੁਰੱਖਿਆ ਅਮਲੇ/ਡਿਊਟੀ ’ਤੇ ਤਾਇਨਾਤ ਪੁਲਸ ਅਮਲੇ ’ਤੇ, ਸਰਕਾਰੀ ਫ਼ੰਕਸ਼ਨਾਂ/ਵਿਆਹ ਸ਼ਾਦੀਆਂ ’ਤੇ, ਧਾਰਮਿਕ /ਮਾਤਮੀ ਸਮਾਰੋਹਾਂ ਅਤੇ ਸਕੂਲ/ਕਾਲਜਾਂ ਵਿੱਚ ਪੜ੍ਹਾਈ ਲਈ ਬੱਚਿਆਂ ਦੇ ਇਕੱਠ ’ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 31 ਮਾਰਚ, 2025 ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਅਦਾਲਤ 'ਚ ਵੱਡੀ ਘਟਨਾ : ਨਿਹੰਗ ਸਿੰਘ ਨੇ ਮਹਿਲਾ ਜੱਜ ਸਾਹਮਣੇ ਤਾਣ 'ਤੀ ਕਿਰਪਾਨ
ਅਸ਼ਲੀਲ ਪੋਸਟਰ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨਿਰਮਲ ਓਸੇਪਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸੀਮਾ ਅੰਦਰ ਸਰਕਾਰੀ, ਗ਼ੈਰ ਸਰਕਾਰੀ ਇਮਾਰਤਾਂ, ਥਾਵਾਂ ’ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਾਉਣ ’ਤੇ ਮੁਕੰਮਲ ਪਾਬੰਦੀ ਲਾਈ ਹੈ। ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ, ਥਾਵਾਂ, ਸਿਨੇਮਿਆਂ ਅਤੇ ਵੀਡੀਓ ਹਾਲਾਂ ’ਤੇ ਅਕਸਰ ਆਮ ਤੌਰ ’ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਾਏ ਜਾਂਦੇ ਹਨ। ਇਨ੍ਹਾਂ ਨਾਲ ਪੜ੍ਹਨ ਵਾਲੇ ਆਮ ਲੋਕਾਂ ਤੋਂ ਇਲਾਵਾ ਮੁੰਡੇ ਅਤੇ ਕੁੜੀਆਂ ਦੇ ਆਚਰਣ ’ਤੇ ਭੈੜਾ ਅਸਰ ਪੈਂਦਾ ਹੈ। ਇਸ ਨਾਲ ਪੈਂਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਇਨ੍ਹਾਂ ਅਸ਼ਲੀਲ ਪੋਸਟਰਾਂ ਦੀ ਰੋਕਥਾਮ ਕਰਨੀ ਅਤਿ ਜ਼ਰੂਰੀ ਹੈ। ਇਹ ਹੁਕਮ 31 ਮਾਰਚ 2025 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਦੇਖਿਓ ਕਿਤੇ ਤੁਹਾਡਾ ਵੀ...
ਜ਼ਿਲੇ 'ਚ ਹੁੱਕਾ ਬਾਰ ਚਲਾਉਣ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨਿਰਮਲ ਓਸੇਪਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਕਿਸੇ ਵੀ ਦੁਕਾਨ, ਹੋਟਲ, ਰੈਸਟੋਰੈਂਟ, ਹੁੱਕਾ ਬਾਰਾਂ ਅਤੇ ਪਬਲਿਕ ਸਥਾਨਾ ਆਦਿ ’ਤੇ ਹੁੱਕਾ ਪੀਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ (ਤੰਬਾਕੂ ਕੰਟਰੋਲ ਸੈੱਲ ਪੰਜਾਬ) ਦੇ ਪੱਤਰ ਰਾਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਹਿੱਤ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹੇ ਦੀ ਹਦੂਦ ਅੰਦਰ ਹੁੱਕਾ ਬਾਰਾਂ ’ਤੇ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਵਾਉਣਾ ਜ਼ਰੂਰੀ ਹੈ। ਇਹ ਹੁਕਮ 31 ਮਾਰਚ, 2025 ਤੱਕ ਲਾਗੂ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8