ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ, ਮਤਾ ਪਾ ਕੇ ਕਰ 'ਤਾ ਵੱਡਾ ਐਲਾਨ

Wednesday, Mar 19, 2025 - 12:54 PM (IST)

ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ, ਮਤਾ ਪਾ ਕੇ ਕਰ 'ਤਾ ਵੱਡਾ ਐਲਾਨ

ਬਾਲਿਆਂਵਾਲੀ (ਸ਼ੇਖਰ) : ਗ੍ਰਾਮ ਪੰਚਾਇਤ ਭੂੰਦੜ ਦੀ ਬੀਤੇ ਦਿਨੀਂ ਸਰਪੰਚ ਸਰਬਜੀਤ ਕੌਰ ਪਤਨੀ ਗੁਰਮੀਤ ਸਿੰਘ ਨਿੱਕਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸਮੂਹ ਪੰਚਾਇਤ ਵੱਲੋਂ ਪਿੰਡ ਦੀ ਭਲਾਈ ਲਈ ਕਈ ਅਹਿਮ ਮਤੇ ਪਾਸ ਕੀਤੇ ਗਏ ਤਾਂ ਜੋ ਪਿੰਡ ਅੰਦਰ ਭਾਈਚਾਰਕ ਸਾਂਝ ਅਤੇ ਸ਼ਾਂਤੀਪੂਰਨ ਮਾਹੌਲ ਬਣਿਆ ਰਹੇ। ਇਸ ਦੌਰਾਨ ਕਈ ਮਤੇ ਕਾਫੀ ਅਹਿਮ ਸਨ, ਜਿਨ੍ਹਾਂ 'ਚੋਂ ਇੱਕ ਮਤੇ 'ਚ ਕਿਹਾ ਗਿਆ ਕਿ ਜੇਕਰ ਪਿੰਡ 'ਚ ਕੋਈ ਲੜਾਈ-ਝਗੜਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੰਚਾਇਤ ਕੋਲ ਮਸਲੇ ਦੇ ਹੱਲ ਲਈ ਆਇਆ ਜਾਵੇ ਪਰ ਜੇਕਰ ਕੋਈ ਪੰਚਾਇਤ ਅਤੇ ਪਿੰਡ ਤੋਂ ਬਾਗੀ ਹੋ ਕੇ ਥਾਣੇ 'ਚ ਜਾਂਦਾ ਹੈ ਤਾਂ ਫਿਰ ਪੰਚਾਇਤ ਵੱਲੋਂ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...

ਇਸ ਤੋਂ ਇਲਾਵਾ ਪਿੰਡ 'ਚ ਕਿਸੇ ਪਰਵਾਸੀ ਮਜ਼ਦੂਰ ਦੀ ਵੋਟ ਨਾ ਬਣਾਉਣ ਦਾ ਵੀ ਅਹਿਮ ਫ਼ੈਸਲਾ ਕੀਤਾ ਗਿਆ। ਗੁਰਮੀਤ ਸਿੰਘ ਨਿੱਕਾ ਨੇ ਦੱਸਿਆ ਕਿ ਜੋ ਮਤੇ ਪਾਸ ਕੀਤੇ ਗਏ ਹਨ, ਉਨ੍ਹਾਂ 'ਚੋਂ ਇੱਕ ਇਹ ਹੈ ਕਿ ਪਿੰਡ 'ਚ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦਾ ਨਸ਼ਾ, ਚਿੱਟਾ, ਗੋਲੀਆਂ ਵੇਚਦਾ ਫੜ੍ਹਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਕੋਈ ਵੀ ਸਰਪੰਚ ਮੈਂਬਰ ਜਾਂ ਨੰਬਰਦਾਰ ਉਸ ਨੂੰ ਛੁਡਾਉਣ ਲਈ ਪਿੱਛੇ ਨਹੀਂ ਜਾਵੇਗਾ। ਜੇਕਰ ਕੋਈ ਨਸ਼ੇ ਵੇਚਣ ਵਾਲੇ ਦੀ ਜ਼ਮਾਨਤ ਕਰਵਾਏਗਾ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਪਿੰਡ 'ਚ ਹੋਕਾ ਦੇ ਕੇ ਸਾਮਾਨ ਵੇਚਣ ਵਾਲਿਆਂ ਲਈ ਚਿੱਪ ਲਗਾ ਕੇ ਹੋਕਾ ਦੇਣਾ ਬੰਦ ਕੀਤਾ ਗਿਆ ਹੈ ਅਤੇ ਹੋਕਾ ਦੇਣ ਵਾਲੇ ਸਿਰਫ ਆਵਾਜ਼ ਰਾਹੀਂ ਹੋਕਾ ਮਾਰ ਕੇ ਹੀ ਚੀਜ਼ਾਂ ਵੇਚ ਜਾਂ ਖ਼ਰੀਦ ਸਕਦੇ ਹਨ। ਜੇਕਰ ਕੋਈ ਕਬਾੜੀਆ ਚੋਰੀ ਦਾ ਸਮਾਨ ਲੈਂਦਾ ਫੜ੍ਹਿਆ ਗਿਆ ਤਾਂ ਪਿਛਲਾ ਚੋਰੀ ਹੋਇਆ ਸਾਮਾਨ ਵੀ ਉਸ ਉੱਪਰ ਹੀ ਪਾਇਆ ਜਾਵੇਗਾ। ਪੰਚਾਇਤੀ ਚੀਜ਼ ਦੀ ਚੋਰੀ ਕਰਨ ਵਾਲੇ ਜਾਂ ਸਰਕਾਰੀ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ

ਇਸ ਤੋਂ ਇਲਾਵਾ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ 'ਤੇ ਕੈਫੀਨ ਯੁਕਤ ਪੇਅ ਪਦਾਰਥ ਨਹੀਂ ਵੇਚੇਗਾ ਅਤੇ 18 ਸਾਲ ਤੋਂ ਘੱਟ ਕਿਸੇ ਵੀ ਨੌਜਵਾਨ ਨੂੰ ਦੁਕਾਨਦਾਰ ਵੱਲੋਂ ਤੰਬਾਕੂ ਸਿਗਰਟ ਵੇਚਣਾ ਮਨ੍ਹਾ ਹੈ। ਇਸ ਦੌਰਾਨ ਮਤੇ 'ਚ ਜਿੱਥੇ ਜਨਰਲ ਲੋਕਾਂ ਲਈ ਮਹੰਤਾਂ ਨੂੰ ਵਧਾਈ 2100 ਰੁਪਏ ਅਤੇ ਐੱਸ. ਸੀ., ਬੀ. ਸੀ. ਭਾਈਚਾਰੇ ਲਈ 1100 ਰੁਪਏ ਤੈਅ ਕੀਤੀ ਗਈ ਹੈ, ਉੱਥੇ ਪਿੰਡ ਦੀਆਂ ਗਲੀਆਂ 'ਚ ਜਾਂ ਫਿਰਨੀ 'ਤੇ ਮਿੱਟੀ, ਇੱਟਾਂ, ਬਰੇਤੀ, ਬੱਜਰੀ ਨਾ ਲੁਹਾਉਣ ਬਾਰੇ ਵੀ ਕਿਹਾ ਗਿਆ ਹੈ। ਜੇਕਰ ਕੋਈ ਫਿਰ ਵੀ ਇਹ ਚੀਜ਼ਾਂ ਗਲੀ ਜਾਂ ਫਿਰਨੀ ’ਤੇ ਲੁਹਾਉਂਦਾ ਹੈ ਤਾਂ ਉਸਨੂੰ ਇਕ 1-2 ਦਿਨਾਂ 'ਚ ਜਗ੍ਹਾ ਖ਼ਾਲੀ ਕਰਨੀ ਪਵੇਗੀ। ਆਖ਼ਰੀ ਮਤੇ 'ਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪਿੰਡ 'ਚ ਸਾਂਝੀਆਂ ਉਗਰਾਹੀਆਂ ਤੋਂ ਇਲਾਵਾ ਕਿਸੇ ਵੀ ਬਾਹਰੀ ਵਿਅਕਤੀ ਜਾਂ ਸੰਸਥਾ ਨੂੰ ਪੰਚਾਇਤ ਤੋਂ ਪੁੱਛੇ ਬਿਨਾਂ ਉਗਰਾਹੀ ਨਹੀਂ ਦਿੱਤੀ ਜਾਵੇਗੀ। ਇਹ ਮਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਹਨ। ਇਸ ਮੌਕੇ ਸਮੂਹ ਪੰਚ ਕਰਮ ਸਿੰਘ, ਲਖਵੀਰ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ, ਮਲਕੀਤ ਸਿੰਘ, ਪਾਲ ਕੌਰ, ਸਰਬਜੀਤ ਕੌਰ ਤੇ ਮਨਜੀਤ ਕੌਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News