''ਬੱਚੀਆਂ ''ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਸਰਕਾਰ''
Tuesday, Apr 17, 2018 - 04:30 PM (IST)

ਬਠਿੰਡਾ (ਪਰਮਿੰਦਰ)-ਦੇਸ਼ ਭਰ 'ਚ ਨਾਬਾਲਗ ਤੇ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਤੇ ਕਤਲ ਦੇ ਮਾਮਲਿਆਂ 'ਚ ਕੋਈ ਕਮੀ ਨਹੀਂ ਆ ਰਹੀ, ਜਿਸ ਕਾਰਨ ਦੇਸ਼ ਭਰ ਦੇ ਲੋਕਾਂ 'ਚ ਭਾਰੀ ਰੋਸ ਹੈ। ਲੋਕ ਲਗਾਤਾਰ ਮੰਗ ਕਰ ਰਹੇ ਹਨ ਕਿ ਬੱਚੀਆਂ ਨਾਲ ਇਸ ਤਰ੍ਹਾਂ ਦਾ ਜ਼ੁਲਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਵੱਧ ਤੋਂ ਵੱਧ ਲੋਕਾਂ ਦਾ ਮੰਨਣਾ ਹੈ ਕਿ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕਦੀ ਹੈ।
'ਜਬਰ-ਜ਼ਨਾਹ ਦੇ ਮੁਲਜ਼ਮਾਂ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ। ਸਜ਼ਾ 'ਚ ਦੇਰੀ ਜਿੱਥੇ ਮੁਲਜ਼ਮਾਂ ਦੇ ਹੌਸਲੇ ਬੁਲੰਦ ਕਰਦੀ ਹੈ, ਉੱਥੇ ਹੀ ਪੀੜਤ ਪਰਿਵਾਰ ਨੂੰ ਤੋੜ ਕੇ ਰੱਖ ਦਿੰਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਦੋਸ਼ਾਂ ਦੀ ਪੁਸ਼ਟੀ ਹੋਣ 'ਤੇ ਤੁਰੰਤ ਦੋਸ਼ੀ ਨੂੰ 'ਹੈਂਗ ਟਿਲ ਡੈਂਥ' ਦੀ ਸਜ਼ਾ ਦਿੱਤੀ ਜਾਵੇ'
ਡਾ. ਪ੍ਰੀਤੀ ਜਿੰਦਲ, ਆਈ. ਵੀ. ਐੱਫ. ਸਪੈਸ਼ਲਿਸਟ।
'ਵੱਖ-ਵੱਖ ਦੇਸ਼ਾਂ ਵਾਂਗ ਸਾਡੇ ਦੇਸ਼ 'ਚ ਵੀ ਜਬਰ-ਜ਼ਨਾਹ ਦੇ ਮਾਮਲੇ 'ਚ 7 ਦਿਨਾਂ ਦੇ ਅੰਦਰ ਸਜ਼ਾ ਦਾ ਮਤਾ ਲਾਗੂ ਕਰਨਾ ਚਾਹੀਦਾ ਹੈ। ਲਚੀਲੀ ਕਾਨੂੰਨੀ ਪ੍ਰਕਿਰਿਆ ਕਾਰਨ ਮੁਲਜ਼ਮ ਬਚ ਨਿਕਲਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਜਬਰ-ਜ਼ਨਾਹ ਜਿਹੇ ਘਿਣੌਨੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।'
—ਡਾ. ਰਿਤੂ ਗਰਗ, ਗਾਇਨੀਕਾਲੋਜਿਸਟ
'ਅੱਜ ਸਾਡੇ ਸਮਾਜ 'ਚ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਨਿੱਤ ਜਬਰ-ਜ਼ਨਾਹ, ਅਗਵਾ ਤੇ ਕਤਲ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਕਾਰਨ ਮਾਪੇ ਵੀ ਬੇਹੱਦ ਫਿਕਰਾਂ 'ਚ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਾਮਲੇ 'ਚ ਸਹੀ ਕਦਮ ਚੁੱਕਣਾ ਹੋਵੇਗਾ। ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਣਾ ਹੋਵੇਗਾ।'
ਰੇਣੂਕਾ ਮਧੋਕ, ਡਾਇਟੀਸ਼ੀਅਨ।