ਫਗਵਾੜਾ ’ਚ ਮਾਹੌਲ ਤਣਾਅਪੂਰਨ, ਅੰਬੇਡਕਰ ਸੈਨਾ, ਮੁਸਲਿਮ ਤੇ ਸਿੱਖ ਭਾਈਚਾਰੇ ਨੇ ਘੇਰਿਆ SP ਦਫ਼ਤਰ
Saturday, Jul 09, 2022 - 02:50 AM (IST)
ਫਗਵਾੜਾ (ਜਲੋਟਾ) : ਫਗਵਾੜਾ ’ਚ ਮੁੜ ਤੋਂ ਭਾਰੀ ਤਣਾਅ ਦੇ ਹਾਲਾਤ ਅੱਜ ਉਸ ਵੇਲੇ ਬਣ ਗਏ, ਜਦੋਂ ਸਥਾਨਕ ਗਊਸ਼ਾਲਾ ਰੋਡ ’ਤੇ ਮੌਜੂਦ ਜਾਮਾ ਮਸਜਿਦ ਤੋਂ ਮੁਸਲਿਮ ਅਤੇ ਸਿੱਖ ਭਾਈਚਾਰੇ ਸਮੇਤ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੈਂਕੜੇ ਕਾਰਕੁਨਾਂ ਤੇ ਪਤਵੰਤਿਆਂ ਨੇ ਪੈਦਲ ਚੱਲ ਕੇ ਐੱਸ. ਪੀ. ਫਗਵਾੜਾ ਦੇ ਦਫ਼ਤਰ ਦੇ ਬਾਹਰ ਪੁੱਜ ਜ਼ਬਰਦਸਤ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੂਰਾ ਇਲਾਕਾ ਪੁਲਸ ਛਾਉਣੀ ਬਣਿਆ ਰਿਹਾ ਹੈ। ਇਸ ਦੌਰਾਨ ਅੰਦੋਲਨਕਾਰੀਆਂ ਨੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੌਕੇ ’ਤੇ ਮੌਜੂਦ ਰਹੀਆਂ ਪੁਲਸ ਟੀਮਾਂ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਇਸ ਸਾਰੇ ਮਾਮਲੇ ’ਚ ਫਗਵਾੜਾ ਪੁਲਸ ਦੀ ਰਹੀ ਕਾਰਗੁਜ਼ਾਰੀ ਨੂੰ ਮੁੱਦਾ ਬਣਾ ਕੇ ਨਾਅਰੇਬਾਜ਼ੀ ਕੀਤੀ।
ਖ਼ਬਰ ਇਹ ਵੀ : ਨਹਿਰ 'ਚ ਕਾਰ ਡਿੱਗਣ ਨਾਲ 9 ਪੰਜਾਬੀਆਂ ਦੀ ਮੌਤ, ਉਥੇ ਜਾਪਾਨ ਦੇ ਸਾਬਕਾ PM ਨੂੰ ਮਾਰੀ ਗੋਲੀ, ਪੜ੍ਹੋ TOP 10
ਗੱਲਬਾਤ ਕਰਦਿਆਂ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਕੌਮੀ ਪ੍ਰਧਾਨ ਹਰਭਜਨ ਸੁਮਨ ਅਤੇ ਮੁਸਲਿਮ ਭਾਈਚਾਰੇ ਦੇ ਪਤਵੰਤਿਆਂ ਨੇ ਕਿਹਾ ਕਿ ਬੀਤੇ ਦਿਨੀਂ ਫਗਵਾੜਾ ਵਿਖੇ ਹਿੰਦੂ ਸੰਗਠਨਾਂ ਵੱਲੋਂ ਭਾਈ ਕਨ੍ਹੱਈਆ ਲਾਲ ਦੇ ਹੋਏ ਕਤਲ ਦੇ ਰੋਸ ਵਜੋਂ ਕਤਲ ਕਰਨ ਵਾਲੇ 2 ਕਾਤਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਦੌਰਾਨ ਅੰਦੋਲਨਕਾਰੀਆਂ ਵੱਲੋਂ ਹੱਥਾਂ ’ਚ ਫੜੇ ਹੋਏ ਬੈਨਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਬੈਨਰ ’ਤੇ ਲਿਖੀ ਗਈ ਸ਼ਬਦਾਵਲੀ ਨੂੰ ਲੈ ਕੇ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਬੀਤੇ ਦਿਨੀਂ ਮਾਮਲੇ ਸਬੰਧੀ ਫਗਵਾੜਾ ਪੁਲਸ ਦੇ ਐੱਸ. ਪੀ. ਹਰਿੰਦਰ ਪਾਲ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦੇ ਕੇ ਇਤਰਾਜ਼ਯੋਗ ਸ਼ਬਦਾਵਲੀ ਲਿਖਣ ਵਾਲੇ ਲੋਕਾਂ ਖ਼ਿਲਾਫ਼ ਬਣਦੀ ਪੁਲਸ ਕਾਰਵਾਈ ਕਰਦਿਆਂ ਪੁਲਸ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜੇ ਤੱਕ ਫਗਵਾੜਾ ਪੁਲਸ ਵੱਲੋਂ ਮਾਮਲੇ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਗਿਆ। ਇਸੇ ਰੋਸ ਵਜੋਂ ਉਨ੍ਹਾਂ ਇਕੱਠੇ ਹੋ ਕੇ ਅੱਜ ਐੱਸ. ਪੀ. ਫਗਵਾੜਾ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਹਵਾ, ਪਾਣੀ ਤੇ ਮਿੱਟੀ ਨਾਲ ਜੁੜੇ ਪੰਜਾਬ ਦੇ ਮੁੱਦਿਆਂ ਨੂੰ ਸੰਸਦ 'ਚ ਪ੍ਰਮੁੱਖਤਾ ਨਾਲ ਚੁੱਕਾਂਗਾ : ਸੰਤ ਸੀਚੇਵਾਲ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਉਨ੍ਹਾਂ ਦੀ ਰੱਖੀ ਗਈ ਮੰਗ ਨੂੰ ਇੰਨ-ਬਿੰਨ ਮੰਨਦਿਆਂ ਕਾਨੂੰਨ ਮੁਤਾਬਕ ਬਣਦੀ ਪੁਲਸ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਵੱਲੋਂ ਇਨਸਾਫ ਮਿਲਣ ਤੱਕ ਇਸੇ ਤਰ੍ਹਾਂ ਅੰਦੋਲਨ ਕੀਤੇ ਜਾਣਗੇ। ਉਧਰ, ਦੂਜੇ ਪਾਸੇ ਕਰੀਬ ਇਕ ਘੰਟੇ ਤੱਕ ਐੱਸ. ਪੀ. ਦਫ਼ਤਰ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਕਾਰਨ ਆਮ ਪਬਲਿਕ ਐੱਸ. ਪੀ. ਤੱਕ ਨਹੀਂ ਪੁੱਜ ਸਕੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਮਾਮਲੇ ਸਬੰਧੀ ਆਨ ਰਿਕਾਰਡ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ 95 ਮਹਿਲਾ ਅਧਿਕਾਰੀਆਂ ਸਣੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਇੰਸਪੈਕਟਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ