ਆਵਾਰਾ ਪਸ਼ੂਆਂ ਕਾਰਨ ਕੌਡੀਆਂ ਦੇ ਭਾਅ ਜਾ ਰਹੀਆਂ ਹਨ ਕੀਮਤੀ ਜਾਨਾਂ

Monday, Aug 21, 2017 - 04:42 AM (IST)

ਆਵਾਰਾ ਪਸ਼ੂਆਂ ਕਾਰਨ ਕੌਡੀਆਂ ਦੇ ਭਾਅ ਜਾ ਰਹੀਆਂ ਹਨ ਕੀਮਤੀ ਜਾਨਾਂ

ਗੜ੍ਹਸ਼ੰਕਰ, (ਸ਼ੋਰੀ)- ਸੜਕਾਂ 'ਤੇ ਆਵਾਰਾ ਪਸ਼ੂਆਂ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਤੇ ਇਨ੍ਹਾਂ ਹਾਦਸਿਆਂ 'ਚ ਕੌਡੀਆਂ ਦੇ ਭਾਅ ਕੀਮਤੀ ਜਾਨਾਂ ਜਾ ਰਹੀਆਂ ਹਨ, ਜਿਸ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ। ਜਿਥੋਂ ਤੱਕ ਰਾਜਨੀਤਿਕ ਪਾਰਟੀਆਂ ਦੀ ਗੱਲ ਹੈ, ਇਨ੍ਹਾਂ ਵੱਲੋਂ ਇਸ ਮੁੱਦੇ ਨੂੰ ਨਾ ਚੁੱਕਣਾ ਅਤੇ ਵਿਰੋਧੀ ਦਲਾਂ ਵੱਲੋਂ ਸਰਕਾਰੀ ਧਿਰ 'ਤੇ ਕਾਰਵਾਈ ਲਈ ਦਬਾਅ ਨਾ ਪਾਉਣਾ, ਉਨ੍ਹਾਂ ਦੀ ਕਮਜ਼ੋਰੀ ਹੀ ਮੰਨੀ ਜਾ ਸਕਦੀ ਹੈ ਜਦਕਿ ਲੋਕ ਚਾਹੁੰਦੇ ਹਨ ਕਿ ਆਵਾਰਾ ਪਸ਼ੂਆਂ 'ਤੇ ਨੱਥ ਪਾਉਣ ਲਈ ਸਰਕਾਰ ਨਾ ਕੇਵਲ ਨੀਤੀ ਬਣਾਏ, ਸਗੋਂ ਕੰਮ ਕਰ ਕੇ ਵੀ ਦਿਖਾਏ। 
ਸੜਕਾਂ 'ਤੇ ਪਸ਼ੂ ਬਣਦੇ ਹਨ ਹਾਦਸਿਆਂ ਦਾ ਕਾਰਨ : ਗੜ੍ਹਸ਼ੰਕਰ ਸ਼ਹਿਰ ਅੰਦਰ ਹਰ ਸੜਕ 'ਤੇ ਬਲਦ ਮਿਲ ਜਾਣਗੇ। ਇਨ੍ਹਾਂ ਵਿਚੋਂ ਕੁਝ ਤਾਂ ਇੰਨੇ ਤਾਕਤਵਰ ਹੁੰਦੇ ਹਨ ਕਿ ਜੇਕਰ ਅਚਾਨਕ ਤੁਹਾਡੀ ਗੱਡੀ ਜਾਂ ਦੋ-ਪਹੀਆ ਵਾਹਨ ਰਾਤ ਸਮੇਂ ਇਨ੍ਹਾਂ ਨਾਲ ਟਕਰਾਅ ਜਾਣ ਤਾਂ ਜਾਨ-ਮਾਲ ਤੋਂ ਬਚਾਅ ਨਹੀਂ ਕੀਤਾ ਜਾ ਸਕਦਾ। ਛੋਟੇ-ਮੋਟੇ ਹਾਦਸੇ ਤਾਂ ਆਏ ਦਿਨ ਇਨ੍ਹਾਂ ਕਾਰਨ ਹੋ ਰਹੇ ਹਨ। 
ਹਾਦਸਿਆਂ 'ਚ ਹੋ ਚੁੱਕੀਆਂ ਕਈ ਮੌਤਾਂ, ਸੈਂਕੜੇ ਜ਼ਖ਼ਮੀ : ਗੜ੍ਹਸ਼ੰਕਰ ਹਲਕੇ ਵਿਚ ਆਵਾਰਾ ਪਸ਼ੂਆਂ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ ਪਿੰਡ ਬੋੜਾ ਦੀ ਮਾਤਾ ਕਾਂਤਾ ਦੇਵੀ, ਕੋਟ ਫਤੂਹੀ ਦੇ ਨਜ਼ਦੀਕ ਇਕ ਨਵ-ਵਿਆਹੁਤਾ ਦੀ ਮੌਤ, ਪਨਾਮ ਦੇ ਕੋਲ ਇਕ ਵੱਡੇ ਸਿਆਸੀ ਆਗੂ ਦੀ ਨੂੰਹ ਦੀ ਮੌਤ ਤੇ ਹੋਰ ਕਈ ਉਦਾਹਰਣਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜ਼ਖ਼ਮੀ ਹੋਣ ਵਾਲਿਆਂ ਦੀ ਸੂਚੀ ਤਾਂ ਸੈਂਕੜਿਆਂ 'ਚ ਹੈ। 
ਆਵਾਰਾ ਕੁੱਤਿਆਂ ਕਾਰਨ ਦੋ-ਪਹੀਆ ਵਾਹਨਾਂ ਵਾਲੇ ਹੋ ਰਹੇ ਨੇ ਸ਼ਿਕਾਰ : ਆਵਾਰਾ ਕੁੱਤਿਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਅਕਸਰ ਦੋਪਹੀਆ ਵਾਹਨਾਂ ਵਾਲੇ ਹੁੰਦੇ ਹਨ। ਪ੍ਰਸ਼ਾਸਨ ਦੀ ਨਜ਼ਰ 'ਚ ਇਹ ਮਾਮੂਲੀ ਹਾਦਸੇ ਹੋਣਗੇ ਪਰ ਜਿਹੜੇ ਲੋਕ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਨੂੰ ਕਈ-ਕਈ ਮਹੀਨੇ ਤਕਲੀਫ਼ ਝੱਲਣੀ ਪੈਂਦੀ ਹੈ। ਇਥੋਂ ਦੇ ਇਕ ਪਿੰਡ ਵਿਚ ਇਕ ਸਕੂਟਰ ਸਵਾਰ ਪਿੱਛੇ ਆਵਾਰਾ ਕੁੱਤੇ ਪੈ ਜਾਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਸਕੂਟਰ ਸਮੇਤ ਟੋਭੇ 'ਚ ਜਾ ਡਿੱਗਾ ਅਤੇ ਇਕ ਸਾਲ ਤੱਕ ਉਸ ਨੂੰ ਮੰਜੇ 'ਤੇ ਰਹਿਣਾ ਪਿਆ। 
ਸਰਕਾਰਾਂ ਠੋਸ ਨੀਤੀ ਬਣਾਉਣ : ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਠੋਸ ਨੀਤੀ ਬਣਾਈ ਜਾਵੇ ਕਿ ਗਊਵੰਸ਼ ਲਈ ਗਊਸ਼ਾਲਾਵਾਂ ਵਿਚ ਲੋੜੀਂਦੀ ਥਾਂ ਬਣੇ ਅਤੇ ਜ਼ਰੂਰਤ ਅਨੁਸਾਰ ਸਰਕਾਰੀ ਤੌਰ 'ਤੇ ਤੇਜ਼ੀ ਨਾਲ ਕੰਮ ਕੀਤਾ ਜਾਵੇ।
ਸੜਕ ਹਾਦਸਿਆਂ 'ਚ ਹੋ ਰਿਹੈ ਵਾਧਾ : ਦੁੱਖ ਦੀ ਗੱਲ ਹੈ ਕਿ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਧਿਆਨ ਦੇਵੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਏ। ਜ਼ਖ਼ਮੀ ਲੋਕਾਂ ਦਾ ਮੁਫ਼ਤ ਇਲਾਜ ਹੋਵੇ : ਸੜਕ ਹਾਦਸਿਆਂ 'ਚ ਜ਼ਖ਼ਮੀ ਹੋਣ ਵਾਲਿਆਂ ਨੂੰ ਸਰਕਾਰੀ ਤੌਰ 'ਤੇ ਮੁਫ਼ਤ ਇਲਾਜ ਅਤੇ ਮ੍ਰਿਤਕ ਨੂੰ ਘੱਟੋ-ਘੱਟ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।


Related News