ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ 25000 ਖੇਤੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ

08/02/2021 11:16:17 AM

ਚੰਡੀਗੜ੍ਹ : ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਨਿਪਟਾਰਾ ਕਰਨ ਲਈ ਮੌਜੂਦਾ ਸਾਲ ਦੌਰਾਨ 250 ਕਰੋੜ ਰੁਪਏ ਦੀ ਸਬਸਿਡੀ 'ਤੇ ਕਿਸਾਨਾਂ ਨੂੰ 25000 ਖੇਤੀ ਮਸ਼ੀਨਾਂ ਅਤੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਮੁਹਿੰਮ ਵਿੱਢ ਦਿੱਤੀ ਹੈ। ਇੱਥੇ ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਬੇਲਰ ਅਤੇ ਹੋਰ ਖੇਤੀ ਮਸ਼ੀਨਾਂ ਪਹਿਲ ਦੇ ਆਧਾਰ 'ਤੇ ਦੇਣ ਲਈ ਇਨ੍ਹਾਂ ਦੀਆਂ 430 ਅਰਜ਼ੀਆਂ ਪ੍ਰਵਾਨ ਕੀਤੀਆਂ ਜਾ ਚੁੱਕੀਆਂ ਹਨ।

ਪਹਿਲੇ ਪੜਾਅ ਵਿਚ 246 ਪੰਚਾਇਤਾਂ ਅਤੇ 185 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਖੇਤੀ ਮਸ਼ੀਨਾਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਕਿ ਖੇਤੀ ਮਸ਼ਨੀਰੀ ਬੈਂਕਾਂ ਸਥਾਪਿਤ ਕੀਤੀਆਂ ਜਾਣ, ਜਿਨ੍ਹਾਂ ਨੂੰ ਕਸਟਮ ਹਾਇਰ ਸੈਂਟਰਾਂ ਵੱਜੋਂ ਵਰਤਿਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ 'ਤੇ 50 ਫ਼ੀਸਦੀ ਤੋਂ 80 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚੋਂ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫ਼ੀਸਦੀ, ਜਦਕਿ ਕਿਸਾਨਾਂ ਨੂੰ ਨਿੱਜੀ ਤੌਰ 'ਤੇ 50 ਫ਼ੀਸਦੀ ਸਬਸਿਡੀ ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫ. ਪੀ. ਓਜ਼) ਨੂੰ ਸਬਸਿਡੀ 'ਤੇ ਮਸ਼ੀਨਰੀ ਲੈਣ ਦਾ ਇਕ ਹੋਰ ਮੌਕਾ ਦੇਣ ਲਈ ਸਿਰਫ ਉਨ੍ਹਾਂ ਵਾਸਤੇ 2-4 ਅਗਸਤ, 2021 ਤੋਂ ਮਸ਼ੀਨਰੀ ਪੋਰਟਲ ਮੁੜ ਖੋਲ੍ਹਿਆ ਜਾ ਰਿਹਾ ਹੈ। ਸੂਬਾ ਸਰਕਾਰ ਕਿਸਾਨਾਂ ਨੂੰ ਆਲਾ ਦਰਜੇ ਦੀ ਮਸ਼ੀਨਰੀ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਵਿਚ ਸੁਪਰ ਐਸ. ਐਮ. ਐਸ., ਹੈਪੀ ਸੀਡਰ, ਪੈਡੀ ਸਟਰਾਅ, ਸ਼ਰੈਡਰ, ਮਲਚਰ, ਹਾਈਡਰੌਲਿਕ ਰਿਵਰਸੀਬਰ ਮੋਲਰ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਸ਼ਾਮਲ ਹਨ।  ਡਾਇਰੈਕਟਰ ਨੇ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਸਪਲਾਈ ਕਰਨ ਲਈ ਖੇਤੀਬਾੜੀ ਵਿਭਾਗ ਝੋਨੇ ਦੇ ਵਢਾਈ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਖੇਤੀ ਸੰਦਾਂ ਦੀ ਵੰਡ ਦਾ ਕਾਰਜ ਮੁਕੰਮਲ ਕਰ ਲਵੇਗਾ। ਸਿੱਧੂ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਸੂਚਨਾ, ਜਾਗਰੂਕਤਾ ਅਤੇ ਸੰਚਾਰ ਦੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਵਿਰੁੱਧ ਸੁਚੇਤ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ 1015 ਸਿਖਲਾਈ ਅਤੇ ਜਾਗਰੂਕਤਾ ਕੈਂਪ ਲਾਏ ਹਨ। ਇਸ ਜਾਗਰੂਕਤਾ ਮੁਹਿੰਮ ਦਾ ਮੁੱਢਲਾ ਮਕਸਦ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਪਰਾਲੀ ਨੂੰ ਖੇਤਾਂ ਵਿਚ ਹੀ ਨਿਪਟਾਉਣ ਲਈ ਖੇਤੀ ਸੰਦਾਂ ਦਾ ਖੇਤਾਂ ਵਿਚ ਜਾ ਕੇ ਪ੍ਰਦਰਸ਼ਨ ਕਰਨਾ ਹੈ।
ਖੇਤੀਬਾੜੀ ਡਾਇਰੈਕਟਰ ਨੇ ਕਿਸਾਨਾਂ ਨੂੰ ਸਬਸਿਡੀ ਉਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਪਰਾਲੀ ਸਾੜਨ ਦੇ ਅਮਲ ਦਾ ਖ਼ਾਤਮਾ ਕਰਕੇ ਲੋਕਾਂ ਦੀ ਸਿਹਤਮੰਦੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬੇ ਦੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਝੋਨੇ ਹੇਠ 27 ਲੱਖ ਹੈਕਟੇਅਰ ਰਕਬਾ ਹੈ। 

ਬੀਤੇ ਸਾਲਾਂ ਵਿਚ ਕਿਸਾਨਾਂ ਨੂੰ ਸਬਸਿਡੀ 'ਤੇ ਮਿਲੀਆਂ 76622 ਖੇਤੀ ਮਸ਼ੀਨਾਂ ਸਾਲ 2018-19, 2019-20 ਅਤੇ 2020-21 ਦੌਰਾਨ ਪਰਾਲੀ ਦਾ ਖੇਤਾਂ ਵਿਚ ਤੇ ਬਾਹਰ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਬੇਲਰ ਸਮੇਤ 76622 ਖੇਤੀ ਮਸ਼ੀਨਾਂ 50 ਤੋਂ 80 ਫ਼ੀਸਦੀ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ 76622 ਮਸ਼ੀਨਾਂ ਵਿੱਚੋਂ 49196 ਮਸ਼ੀਨਾਂ ਪੰਚਾਇਤਾਂ/ਸਹਿਕਾਰੀ ਸਭਾਵਾਂ ਦੇ 19834 ਕਸਟਮ ਹਾਇਰਿੰਗ ਸੈਂਟਰਾਂ ਅਤੇ ਕਿਸਾਨਾਂ ਵੱਲੋਂ ਸਥਾਪਿਤ ਗਰੁੱਪਾਂ/ਸੁਸਾਇਟੀਆਂ ਨੂੰ ਜਦਕਿ ਬਾਕੀ 27426 ਖੇਤੀ ਮਸ਼ੀਨਾਂ ਕਿਸਾਨਾਂ ਨੂੰ ਵਿਅਕਤੀਗਤ ਤੌਰ ਉਤੇ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।


 


Babita

Content Editor

Related News