ਪਰਾਲੀ ਨੂੰ ਅੱਗ ਲਾਉਣ ਨਾਲ ਜ਼ਹਿਰੀਲਾ ਹੋ ਰਿਹਾ ਵਾਤਾਵਰਣ ਚਿੰਤਾ ਦਾ ਵਿਸ਼ਾ

Monday, Nov 08, 2021 - 06:09 PM (IST)

ਪਰਾਲੀ ਨੂੰ ਅੱਗ ਲਾਉਣ ਨਾਲ ਜ਼ਹਿਰੀਲਾ ਹੋ ਰਿਹਾ ਵਾਤਾਵਰਣ ਚਿੰਤਾ ਦਾ ਵਿਸ਼ਾ

ਸੁਲਤਾਨਪੁਰ ਲੋਧੀ (ਧੀਰ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਾਲੀ ਨੂੰ ਅੱਗ ਲਾਉਣ ਨਾਲ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਸਿਰਫ਼ ਹਵਾ ’ਚ ਰਹਿ ਗਏ ਹਨ। ਨਤੀਜਨ ਅੱਗ ਲਾਉਣ ਨਾਲ ਉਠ ਰਹੇ ਧੂੰਏ ਤੋਂ ਪ੍ਰਦੂਸ਼ਣ ਦੀ ਸਮੱਸਿਆ ਦੇ ਨਾਲ-ਨਾਲ ਸਾਹ ਤੇ ਹੋਰ ਬੀਮਾਰੀਆਂ ਦੇ ਵੱਧ ਰਹੇ ਮਰੀਜ਼ ਚਿੰਤਾ ਦਾ ਵਿਸ਼ਾ ਬਣ ਰਹੇ ਹਨ।

ਝੋਨੇ ਦੀ ਕਟਾਈ ਉਪਰੰਤ ਕਿਸਾਨਾਂ ਵੱਲੋਂ ਅਗਲੀ ਫ਼ਸਲ ਬੀਜਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ, ਇਸ ਲਈ 15 ਅਕਤੂਬਰ ਤੋਂ 15 ਨਵੰਬਰ ਤੱਕ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਸੇ ਦੌਰਾਨ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਤੇ ਕਣਕ ਬੀਜਣ ਲਈ ਖੇਤਾਂ ’ਚ ਝੋਨੇ ਦੀ ਰਹਿੰਦ-ਖੂਹੰਦ ਨੂੰ ਸਾਫ਼ ਕਰਨ ਦੀ ਲੋੜ ਪੈਂਦੀ ਹੈ। ਫਸਲ ਦੌਰਾਨ ਕਰੀਬ ਢਾਈ ਕਰੋਡ਼ ਟਨ ਝੋਨੇ ਦੀ ਪਰਾਲੀ ਨਿਕਲਦੀ ਹੈ।

ਫ਼ਸਲ ਜਲਦ ਬੀਜਣ ਲਈ ਕਿਸਾਨਾਂ ਨੂੰ ਲੈਣਾ ਪੈਂਦਾ ਅੱਗ ਲਾਉਣ ਦਾ ਸਹਾਰਾ
ਹਰੇਕ ਕਿਸਾਨ ਨੂੰ ਅਗਲੀ ਫਸਲ ਬੀਜਣ ਲਈ ਜਲਦੀ ਹੁੰਦੀ ਹੈ। ਝੋਨੇ ਦੀ ਕਈ ਕਿਸਮਾਂ ਹੋਣ ਕਾਰਨ ਸੀਜ਼ਨ ਲੰਬਾ ਚਲੇ ਜਾਣ ਤੋਂ ਬਾਅਦ ਕਿਸਾਨ ਦੇ ਕੋਲ ਅਗਲੀ ਫਸਲ ਬੀਜਣ ਲਈ ਸਮਾਂ ਘੱਟ ਰਹਿ ਜਾਂਦਾ ਹੈ, ਜਿਸ ਕਾਰਨ ਉਸ ਨੂੰ ਮਜਬੂਰੀ ਵਸ਼ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਅੱਗ ਲਾਉਣ ’ਤੇ ਪੈਦਾ ਹੁਮਦੀ ਵਾਤਾਵਰਣ ਦੀ ਸਮੱਸਿਆ ਜਿਉਂ-ਜਿਉਂ ਵਧਦੀ ਹੈ ਉਵੇਂ-ਉਵੇਂ ਦੇਸ਼ ਦੇ ਕਿਸਾਨਾਂ ਅਤੇ ਨੀਤੀ ਘਾੜਿਆਂ ਵਿਚਕਾਰਲੀ ਖਿੱਚੋਤਾਣ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਪਰਾਲੀ ਸਾੜਨ ਦੇ ਸੰਕਟ ਨੇ ਵੱਡੇ ਪੱਧਰ ’ਤੇ ਸਿਹਤ ਸਬੰਧੀ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ

ਧਰਤੀ ਦੀ ਉਪਜਾਊ ਸ਼ਕਤੀ ਹੁੰਦੀ ਹੈ ਘੱਟ
ਪਰਾਲੀ ਨੂੰ ਅੱਗ ਲਾਉਣ ਤੋਂ ਨਿਕਲਣ ਵਾਲੀ ਗਰਮੀ ਇਕ ਸੈਂਟੀਮੀਟਰ ਤੱਕ ਮਿੱਟੀ ’ਚ ਜਾਂਦੀ ਹੈ। ਇਹ ਉਪਜਾਊ ਮਿੱਟੀ ਦੀ ਉਪਰਲੀ ਪਰਤ ’ਚ ਮੌਜੂਦ ਸੂਖਮ ਜੀਵਾਂ ਦੇ ਨਾਲ-ਨਾਲ ਇਸਦੇ ਜੈਵਿਕ ਗੁਣਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਮਿੱਤਰ ਕੀੜਿਆਂ ਦੇ ਨਸ਼ਟ ਹੋਣ ਨਾਲ ਫਸਲ ਦੇ ਦੁਸ਼ਮਣ ਕੀਟਾਂ ਦਾ ਪ੍ਰਕੋਪ ਵੱਧ ਜਾਂਦਾ ਹੈ, ਜਿਸ ਦੇ ਚੱਲਦਿਆਂ ਫ਼ਸਲਾਂ ’ਚ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੋ ਜਾਂਦੀ ਹੈ।

ਸਰਕਾਰਾਂ ਵੱਲੋਂ ਸਖ਼ਤ ਨਿਯਮ ਬਣਾਉਣ ਦੇ ਬਾਵਜੂਦ ਨਹੀਂ ਰੁਕ ਰਿਹਾ ਅੱਗ ਲਾਉਣ ਦਾ ਸਿਲਸਿਲਾ
ਪਰਾਲੀ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਪਿਛਲੇ ਕੁਝ ਸਾਲਾਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਈ ਕਦਮ ਚੁੱਕੇ ਹਨ। ਸਪ੍ਰੀਮ ਕੋਰਟ ਨੇ ਇਸ ਸਮੱਸਿਆ ਬਾਰੇ ਜਿਸ ਤਰ੍ਹਾਂ ਸਖ਼ਤੀ ਅਤੇ ਸਰਗਰਮੀ ਦਿਖਾਈ ਹੈ ਤੇ ਸਮੇਂ-ਸਮੇਂ ’ਤੇ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਹਨ । ਉਸ ਤੋਂ ਇਸ ਸਮੱਸਿਆ ਦੀ ਗੰਭੀਰਤਾ ਦਾ ਜਾਇਜ਼ਾ ਲਾਇਆ ਜਾ ਸਕਦਾ ਹੈ ਪਰ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਹਾਲਾਤਾਂ ’ਚ ਕੋਈ ਖਾਸ ਬਦਲਾਅ ਨਹੀਂ ਆਏ ਹਨ। ਹਾਲਾਂਕਿ ਸੂਬਿਆਂ ਦੀਆਂ ਸਰਕਾਰਾਂ ਨੇ ਤਾਂ ਪਰਾਲੀ ਸਾੜਨ 'ਤੇ ਰੋਕ ਲਾਉਣ ਕਿਸਾਨਾਂ ’ਤੇ ਜੁਰਮਾਨਾ ਲਾਉਣ ਜਿਹੇ ਕਦਮ ਵੀ ਚੁੱਕੇ ਹਨ ਪਰ ਇਨ੍ਹਾਂ ਕਦਮਾਂ ਦਾ ਕੋਈ ਠੋਸ ਨਤੀਜਾ ਦੇਖਣ ’ਚ ਨਹੀਂ ਆਇਆ।

ਇਹ ਵੀ ਪੜ੍ਹੋ: ਨਵਾਂਸ਼ਹਿਰ: ਪੈਸਿਆਂ ਖ਼ਾਤਿਰ ਖ਼ੂਨ ਹੋਇਆ ਚਿੱਟਾ, ਚਾਚੇ ਨੇ ਭਤੀਜੇ ਨੂੰ ਦਿੱਤੀ ਦਰਦਨਾਕ ਮੌਤ

ਐੱਨ. ਜੀ. ਟੀ. ਵੱਲੋਂ ਵੀ ਪਰਾਲੀ ਨੂੰ ਅੱਗ ਲਾਉਣ ’ਤੇ ਲਾਈ ਰੋਕ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਰੋਕਣ ਤੇ ਵਾਤਾਵਰਣ ’ਚ ਫੈਲੀ ਗੰਦੀ ਅਤੇ ਜ਼ਹਿਰੀਲੀ ਹਵਾ ਲਈ 2015 ’ਚ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ’ਚ ਅੱਗ ਲਾਉਣ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ’ਤੇ ਪਾਬੰਦੀ ਦੀ ਧਾਰਾ 188 ਅਤੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਦੇ ਤਹਿਤ ਇਕ ਅਪਰਾਧ ਕਿਹਾ ਗਿਆ ਹੈ।

ਅੱਗ ਲਾਉਣਾ ਹੈ ਸਾਡੀ ਮਜਬੂਰੀ
ਕਿਸਾਨਾਂ ਪਰਮਜੀਤ ਸਿੰਘ, ਕੁਲਬੀਰ ਸਿੰਘ, ਸ਼ਿੰਗਾਰਾ ਸਿੰਘ, ਬਚਿੱਤਰ ਸਿੰਘ, ਰੁਪਿੰਦਰ ਸਿੰਘ, ਸਰਵਨ ਸਿੰਘ ਆਦਿ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣਾ ਸਾਡਾ ਸ਼ੌਂਕ ਨਹੀ ਸਾਡੀ ਮਜਬੂਰੀ ਹੈ। ਕਿਸਾਨਾਂ ਨੇ ਆਖਿਆ ਕਿ ਕਿਸ ਕਿਸਾਨ ਦਾ ਮਨ ਕਰਦਾ ਹੈ ਕਿ ਉਹ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਪਰਾਲੀ ਨੂੰ ਅੱਗ ਲਗਾਏ। ਇਹ ਤਾਂ ਸਰਕਾਰਾਂ ਨੂੰ ਅੱਗ ਲਾਉਣ ਤੋਂ ਬਚਾਓ ਲਈ ਜਦ ਤੱਕ ਪ੍ਰਤੀ ਏਕੜ ਮੁਆਵਜ਼ਾਂ ਨਹੀਂ ਦਿੱਤਾ ਜਾਂਦਾ ਤਦ ਤੱਕ ਇਹ ਅੱਗ ਲਾਉਣ ਦਾ ਸਿਲਸਿਲਾ ਰੁਕਣ ਵਾਲਾ ਨਹੀਂ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

PunjabKesari

ਕੀ ਕਹਿਣੈ ਖੇਤੀਬਾੜੀ ਅਧਿਕਾਰੀਆਂ ਦਾ
ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਖਿੰਡਾ, ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦਾ ਚਿੰਤਾ ਦਾ ਵਿਸ਼ਾ ਹੈ ਪਰ ਸਾਡੇ ਹਲਕੇ ’ਚ ਅੱਗ ਲਾਉਣ ਦੀਆਂ ਘਟਨਾਵਾਂ ’ਚ ਕਾਫੀ ਕਮੀ ਆਈ ਹੈ, ਜਿਸਦਾ ਮੁੱਖ ਕਾਰਨ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਾਂ ਮੁਹੱਈਆ ਕਰਵਾਉਣਾ, ਜਾਗਰੂਕ ਕੈਂਪ ਲਾਉਣਾ ਆਦਿ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਕਿਸਾਨਾਂ ਨੇ ਇਨ੍ਹਾਂ ਸਕੀਮਾਂ ਦਾ ਫਾਇਦਾ ਲਿਆ ਹੈ ਅਤੇ ਉਨ੍ਹਾਂ ’ਚ ਜਾਗਰੂਕਤਾ ਆਈ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਜੁਰਮਾਨੇ ਨਾਲ ਨਹੀਂ, ਸਗੋਂ ਖ਼ੁਦ ਕਿਸਾਨ ਵੱਲੋਂ ਜਾਗਰੂਕ ਹੋਣ ’ਤੇ ਹੱਲ ਹੋਣੀ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News