ਪਰਾਲੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਨੇ ਲਾਇਆ ਥਾਣੇ ਅੱਗੇ ਧਰਨਾ
Saturday, Oct 31, 2020 - 03:22 PM (IST)
ਬੁਢਲਾਡਾ (ਬਾਂਸਲ): ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਕਿਸਾਨਾਂ ਖ਼ਿਲਾਫ਼ ਅਸਿੱਧੇ ਤੌਰ ਤੇ ਕਾਰਵਾਈ ਕਰਨ ਦੀ ਪ੍ਰਤੀਕਿਰਆ ਪੁਲਸ ਵਲੋਂ ਸ਼ੁਰੂ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਣਾ ਸਿਟੀ ਦੇ ਬਾਹਰ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਯੂਨੀਅਨ ਲੰਬੇ ਸਮੇਂ ਤੋਂ ਕੇਂਦਰੀ ਖੇਤੀ ਕਾਨੂੰਨ ਦੇ ਖ਼ਿਲਾਫ਼ ਸ਼ੁਰੂ ਕੀਤਾ ਗਿਆ ਸੰਘਰਸ਼ ਲਗਾਤਾਰ ਜਾਰੀ ਹੈ ਪਰੰਤੂ ਸਿਟੀ ਪੁਲਸ ਵਲੋਂ ਕੱਲ੍ਹ ਪਿੰਡ ਰੱਲੀ ਦੇ ਕੁਝ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮੁੱਦੇ ਤੇ ਜ਼ਮੀਨ ਮਾਲਕਾ ਨੂੰ ਆਧਾਰ ਕਾਰਡ ਲੈ ਕੇ ਥਾਣੇ ਅੰਦਰ ਸੱਦਣ ਦੇ ਮਾਮਲੇ ਤੇ ਰੋਸ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਪਰਾਲੀ ਸਾੜਨ ਦੇ ਮਾਮਲੇ 'ਚ ਧੋਖੇ ਨਾਲ ਕਿਸਾਨਾਂ ਨੂੰ ਥਾਣੇ ਬੁਲਾ ਕੇ ਮੁਕੱਦਮਾ ਦਰਜ ਕਰਨ ਦਾ ਮਕਸਦ ਯੂਨੀਅਨ ਸਫਲ ਨਹੀਂ ਹੋਣ ਦੇਵੇਗੀ। ਇਸ ਸੰਬੰਧੀ ਡੀ.ਐੱਸ.ਪੀ. ਬਲਜਿੰਦਰ ਸਿੰਘ ਪੰਨੂੰ ਨਾਲ ਸੰਪਰਕ ਕਰਨ ਤੇ ਉਨ੍ਹਾਂ ਪਰਾਲੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਵਲੋਂ ਲਾਏ ਧਰਨੇ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਦੇ ਖ਼ਿਲਾਫ਼ ਪਰਾਲੀ ਸਾੜਨ ਸੰਬੰਧੀ ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ।