ਸਕੂਲੀ ਬੱਚਿਆਂ ਨੇ ਪੰਜਾਬ ਭਰ ''ਚ ਪਰਾਲੀ ਨਾ ਸਾੜਨ ਦਾ ਦਿੱਤਾ ਸੁਨੇਹਾ

10/19/2019 9:39:57 AM

ਚੰਡੀਗੜ੍ਹ (ਭੁੱਲਰ)–ਸੂਬੇ ਭਰ ਦੇ ਦਿਹਾਤੀ ਖੇਤਰਾਂ 'ਚ ਸਥਿਤ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਪੰਜਾਬ ਸਰਕਾਰ ਦੀ 'ਪਰਾਲੀ ਸਾੜਨ ਵਿਰੋਧੀ ਮੁਹਿੰਮ' ਦੇ ਦੂਤ ਬਣ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਦਿਆਂ ਗਲੀ-ਗਲੀ ਜਾ ਕੇ ਵਾਤਾਵਰਣ ਦੀ ਸੰਭਾਲ ਕਰਨ ਅਤੇ ਸਾਫ-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ।

ਪੰਜਾਬ ਦੇ ਪੇਂਡੂ ਇਲਾਕਿਆਂ 'ਚ ਸਥਿਤ ਸਕੂਲਾਂ 'ਚ ਪੜ੍ਹਦੇ ਹਜ਼ਾਰਾਂ ਵਿਦਿਆਰਥੀਆਂ ਨੇ ਪਿੰਡਾਂ 'ਚ ਹੋਈਆਂ ਪਰਾਲੀ ਸਾੜਨ ਵਿਰੋਧੀ ਰੈਲੀਆਂ 'ਚ ਸ਼ਾਮਲ ਹੋ ਕੇ ਪੰਜਾਬ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਦਾ ਸੰਦੇਸ਼ ਦਿੱਤਾ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੇ ਇਸ ਉਪਰਾਲੇ ਨੂੰ ਹੋਰ ਕਾਰਗਰ ਬਣਾਉਣ ਲਈ ਸਰਕਾਰ ਨੇ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਇਸ ਮੁਹਿੰਮ 'ਚ ਸ਼ਾਮਿਲ ਕੀਤਾ ਹੈ। ਇਨ੍ਹਾਂ ਰੈਲੀਆਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਾ-ਭਰਾ ਰੱਖਣਾ ਹੈ। ਵਿਦਿਆਰਥੀਆਂ ਨੇ ਲੋਕਾਂ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ ਵੀ ਸਿੱਖਿਅਤ ਕੀਤਾ ਤਾਂ ਜੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ (ਗੁਰੂ ਸਾਹਿਬ) ਵਲੋਂ ਕੁਦਰਤ ਦੀ ਰਾਖੀ ਲਈ ਦਿੱਤੇ ਸੰਦੇਸ਼ 'ਤੇ ਸੁਹਿਰਦਤਾ ਨਾਲ ਪਹਿਰਾ ਦਿੱਤਾ ਜਾ ਸਕੇ।


Shyna

Content Editor

Related News