ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਸਖਤ ਹੋਇਆ ਪ੍ਰਸ਼ਾਸਨ

Thursday, Nov 07, 2019 - 11:09 AM (IST)

ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਸਖਤ ਹੋਇਆ ਪ੍ਰਸ਼ਾਸਨ

ਭੋਗਪੁਰ (ਸੂਰੀ)— ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਲਾਈ ਗਈ ਮੁਕੰਮਲ ਪਾਬੰਦੀ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਹਵਾ 'ਚ ਹਾਨੀਕਾਰਕ ਪੱਧਰ ਤੱਕ ਪ੍ਰਦੂਸ਼ਣ ਵੱਧ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਸਖਤੀ ਵਰਤਦਿਆਂ ਅਜਿਹੇ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਲਾਕਾ ਐੱਸ. ਡੀ. ਐੱਮ. ਵੱਲੋਂ ਲਗਾਤਾਰ ਆਪਣੇ ਅਧੀਨ ਇਲਾਕਿਆਂ 'ਚ ਜਾ ਕੇ ਅਜਿਹੇ ਖੇਤਾਂ ਅਤੇ ਕਿਸਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜੋ ਆਪਣੇ ਝੋਨੇ ਦੇ ਖੇਤਾਂ 'ਚ ਅੱਗ ਲਗਾ ਰਹੇ ਹਨ। ਇਸ ਸਬੰਧੀ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਸਬ-ਡਿਵੀਜ਼ਨ ਆਦਮਪੁਰ ਅਤੇ ਏ. ਐੱਸ. ਪੀ. ਡਾ. ਅੰਕੁਰ ਗੁਪਤਾ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਭੋਗਪੁਰ ਅਤੇ ਪੁਲਸ ਚੌਕੀ ਪਚਰੰਗਾ ਅਧੀਨ ਪੈਂਦੇ ਪਿੰਡਾਂ 'ਚ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੇ ਉਦੇਸ਼ ਨਾਲ ਪੁਲਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ 6 ਲੋਕਾਂ ਖਿਲਾਫ ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਪਿੰਡ ਚੌਲਾਂਗ ਵਿਚ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਥਾਣੇਦਾਰ ਕਰਨੈਲ ਸਿੰਘ ਨੇ ਗਸ਼ਤ ਦੌਰਾਨ ਪਿੰਡ ਚੌਲਾਂਗ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਲੱਗੀ ਹੋਈ ਦੇਖੀ। ਜਦੋਂ ਥਾਣੇਦਾਰ ਪੁਲਸ ਪਾਰਟੀ ਨਾਲ ਖੇਤਾਂ 'ਚ ਪੁੱਜੇ ਤਾਂ ਦੋ ਅਣਪਛਾਤੇ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ। ਪੁਲਸ ਵੱਲੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਖੇਤ ਦਾ ਮਾਲਕ ਮਲਕੀਤ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਚੌਲਾਂਗ ਹੈ। ਪੁਲਸ ਵੱਲੋਂ ਇਸ ਮਾਮਲੇ 'ਚ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।\

ਪਿੰਡ ਬੁੱਟਰਾਂ 'ਚ ਅੱਗ ਲਗਾਉਣ ਵਾਲੇ ਜਮਾਲਪੁਰ ਵਾਸੀ ਖਿਲਾਫ ਮਾਮਲਾ ਦਰਜ
ਸਬ-ਇੰਸਪੈਕਟਰ ਹਰਦੀਪ ਸਿੰਘ, ਥਾਣੇਦਾਰ ਗੁਰਨਾਮ ਸਿੰਘ ਅਤੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਜਦੋਂ ਪਿੰਡ ਬੁੱਟਰਾਂ ਨਜ਼ਦੀਕ ਪੁੱਜੇ ਤਾਂ ਪਿੰਡ ਦੇ ਲਹਿੰਦੇ ਪਾਸੇ ਖੇਤਾਂ ਵਿਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਇਸ ਖੇਤ 'ਚ ਇਕ ਆਦਮੀ ਖੜ੍ਹਾ ਸੀ ਜਿਸ ਕੋਲੋਂ ਪੁਲਸ ਪਾਰਟੀ ਨੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਅਵਤਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਜਮਾਲਪੁਰ ਦੱਸਿਆ। ਉਸ ਨੇ ਅੱਗੇ ਦੱਸਿਆ ਕਿ ਇਹ ਜ਼ਮੀਨ ਉਸ ਨੇ ਸੂਰਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੁੱਟਰਾਂ ਤੋਂ ਠੇਕੇ 'ਤੇ ਲੈ ਕੇ ਇਸ ਵਿਚ ਝੋਨੇ ਦੀ ਫਸਲ ਬੀਜੀ ਸੀ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾਈ ਹੈ। ਪੁਲਸ ਵੱਲੋਂ ਅਵਤਾਰ ਸਿੰਘ ਦੇ ਖਿਲਾਫ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿੰਡ ਕੰਧਾਲਾ ਗੁਰੂ ਦੇ ਦੋ ਕਿਸਾਨਾਂ ਖਿਲਾਫ ਮਾਮਲਾ ਦਰਜ
ਪੁਲਸ ਚੌਕੀ ਪਚਰੰਗਾ ਵਿਚ ਤਾਇਨਾਤ ਥਾਣੇਦਾਰ ਜਸਵਿੰਦਰ ਸਿੰਘ ਨੂੰ ਇਕ ਮੁਖਬਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪਿੰਡ ਕੰਧਾਲਾ ਗੁਰੂ ਵਾਸੀ ਬਲਜਿੰਦਰ ਸਿੰਘ ਹੈਪੀ ਪੁੱਤਰ ਸੰਤੋਖ ਸਿੰਘ ਅਤੇ ਸਤਪਾਲ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਹੋਈ ਹੈ। ਪੁਲਸ ਵੱਲੋਂ ਉਕਤ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿੰਡ ਸਿੰਘਪੁਰ ਵਾਸੀ ਕਿਸਾਨ ਖਿਲਾਫ ਮਾਮਲਾ ਦਰਜ
ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਗਸ਼ਤ ਦੌਰਾਨ ਪਚਰੰਗਾ ਤੋਂ ਪਿੰਡ ਸਿੰਘਪੁਰ ਵੱਲ ਜਾ ਰਹੇ ਸਨ। ਇਸੇ ਦੌਰਾਨ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਕੁਲਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਿੰਘਪੁਰ ਅਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਾ ਰਿਹਾ ਹੈ ਜਿਸ ਕਾਰਨ ਸਾਹ ਅਤੇ ਹੋਰ ਬੀਮਾਰੀਆਂ ਹੋ ਸਕਦੀਆਂ ਹਨ। ਪੁਲਸ ਵੱਲੋਂ ਕੁਲਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

shivani attri

Content Editor

Related News